ਅਮਰਜੀਤ ਸਿੰਘ ਸਡਾਨਾ, ਕਪੂਰਥਲਾ : ਪਿੰਡ ਭੰਡਾਲ ਬੇਟ ਵਿਖੇ ਬੀਤੇ ਦਿਨੀਂ ਦੋ ਭਰਾਵਾਂ ਦੀ ਹੋਈ ਆਪਸੀ ਲੜਾਈ ਥਾਣੇ ਤਕ ਪਹੁੰਚ ਗਈ ਤੇ ਜਦੋਂ ਇਕ ਥਾਣੇਦਾਰ ਸਮੇਤ ਪੁਲਿਸ ਕਰਮਚਾਰੀ ਉਨ੍ਹ੍ਹ ਦੇ ਘਰ ਪਿੰਡ ਭੰਡਾਲ ਬੇਟ ਪਹੁੰਚੇ ਤਾਂ ਮੌਕੇ 'ਤੇ ਹੀ ਪੁਲਿਸ ਕਰਮਚਾਰੀਆਂ ਨੇ ਜਗਤਾਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਸਬੰਧੀ ਉਸ ਦੀ ਐੱਮਐੱਲਆਰ ਵੀ ਕੱਟੀ ਗਈ ਹੈ ਅਤੇ ਇਹ ਕੁੱਟਮਾਰ ਦੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਹਸਪਤਾਲ 'ਚ ਜ਼ੇਰੇ ਇਲਾਜ ਜਗਤਾਰ ਸਿੰਘ ਨੇ ਦੱਸਿਆ ਕਿ ਮਾਮੂਲੀ ਤਕਰਾਰ ਤੋਂ ਬਾਅਦ ਉਸ ਦੇ ਭਰਾ-ਭਰਜਾਈ ਨੇ ਥਾਣਾ ਿਢੱਲਵਾਂ ਵਿਖੇ ਉਸ ਦੇ ਖ਼ਿਲਾਫ਼ ਦਰਖਾਸਤ ਦਿੱਤੀ। ਉਪਰੰਤ ਪੁਲਿਸ ਘਰ ਆਈ ਤਾਂ ਉਨ੍ਹਾਂ ਨੇ ਬਿਨਾਂ ਕਾਰਨ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਥਾਣੇ ਲਿਜਾਣ ਤੋਂ ਬਾਅਦ ਉਥੇ ਵੀ ਉਸ ਦੀ ਕੁੱਟਮਾਰ ਕੀਤੀ। ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਦੀਪ ਧਵਨ ਕੁਮਾਰ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਹਨ ਤੇ ਉਸ ਦੀ ਹੱਡੀ ਵੀ ਟੁੱਟੀ ਹੋਈ ਹੈ ਤੇ ਇਲਾਜ ਸ਼ੁਰੂ ਕੀਤਾ ਗਿਆ ਹੈ ਤੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ।
ਦੂਜੇ ਪਾਸੇ ਸਬ ਇੰਸਪੈਕਟਰ ਰਛਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਲਈ ਜਗਤਾਰ ਸਿੰਘ ਨੂੰ ਥਾਣੇ ਲਿਆਂਦਾ ਗਿਆ ਸੀ ਤੇ ਉਸ ਨੂੰ ਰਾਜ਼ੀਨਾਮੇ ਉਪਰੰਤ ਪੰਚਾਇਤ ਦੇ ਹਵਾਲੇ ਠੀਕ ਹਾਲਤ ਵਿਚ ਕੀਤਾ ਗਿਆ ਤੇ ਉਸ ਦੇ ਸੱਟਾਂ ਕਿਸ ਤਰ੍ਹਾਂ ਲੱਗੀਆਂ ਹਨ, ਉਨ੍ਹਾਂ ਨੂੰ ਨਹੀਂ ਪਤਾ। ਉਨ੍ਹਾਂ ਦੱਸਿਆ ਕਿ ਏਐੱਸਆਈ ਪਰਮਜੀਤ ਕੁਮਾਰ ਤੇ ਉਸ ਦੇ ਸਾਥੀ ਪੁਲਿਸ ਕਰਮਚਾਰੀ ਵੱਲੋਂ ਜਗਤਾਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਥਾਣੇ ਵਿਚ ਉਸ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ ਤੇ ਸੀਸੀਟੀਵੀ ਵੀਡੀਓ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਲੈ ਕੇ ਉੱਚ ਅਧਿਕਾਰੀਆਂ ਨੇ ਦੋਵਾਂ ਪੁਲਿਸ ਕਰਮਚਾਰੀਆਂ ਦੀ ਵਿਭਾਗੀ ਜਾਂਚ ਆਰੰਭ ਕਰ ਦਿੱਤੀ ਹੈ।