World Water Day 2023 : ਜਤਿੰਦਰ ਪੰਮੀ, ਜਲੰਧਰ : ਲਗਾਤਾਰ ਹੇਠਾਂ ਡਿੱਗਦੇ ਜਾ ਰਹੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਬਚਾਉਣ ਵਾਲਿਆਂ ਨੂੰ ਜੇ ਪਾਣੀਆ ਦੇ ਰਾਖੇ ਕਿਹਾ ਜਾਵੇ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ। ਸੂਬੇ ਦੇ ਕੁਝ ਅਗਾਂਹਵਧੂ ਕਿਸਾਨ ਜੋ ਨਾ ਸਿਰਫ਼ ਰਵਾਇਤੀ ਖੇਤੀ ਤੋਂ ਹਟ ਕੇ ਖੇਤੀ ਵਿਭਿੰਨਤਾ ਅਪਣਾ ਰਹੇ ਹਨ ਬਲਿਕ ਤੁਪਕਾ ਵਿਧੀ ਰਾਹੀਂ ਹਰ ਸੀਜ਼ਨ ’ਚ ਅਰਬਾਂ ਲੀਟਰ ਪਾਣੀ ਦੀ ਬਚਤ ਕਰ ਰਹੇ ਹਨ। ਇਨ੍ਹਾਂ ਕਿਸਾਨਾਂ ਨੇ ਖੇਤੀ ਵਿਭਿੰਨਤਾ ਰਾਹੀਂ ਨਾ ਸਿਰਫ਼ ਥੋੜ੍ਹੀ ਜ਼ਮੀਨ ਤੋਂ ਹੀ ਵਧੀਆ ਆਮਦਨ ਕਮਾਉਣੀ ਸ਼ੁਰੂ ਕੀਤੀ ਬਲਕਿ ਤੁਪਕਾ ਵਿਧੀ ਅਪਣਾ ਕੇ ਅਰਬਾਂ ਲੀਟਰ ਪਾਣੀ ਦੀ ਬਚਤ ਵੀ ਕਰ ਰਹੇ ਹਨ। ਪੰਜਾਬ ’ਚ ਮੌਜੂਦਾ ਸਮੇਂ 41000 ਹੈਕਟੇਅਰ ਰਕਬਾ ਫੁਹਾਰਾ ਤੇ ਤੁਪਕਾ ਵਿਧੀ ਅਧੀਨ ਹੈ ਜਦੋਂਕਿ 5,59,010 ਹੈਕਟੇਅਰ ਰਕਬਾ ਜ਼ਮੀਨਦੋਜ਼ ਪਾਈਪ ਪ੍ਰਣਾਲੀ ਅਧੀਨ ਕਵਰ ਕੀਤਾ ਜਾ ਜਾ ਚੁੱਕਾ ਹੈ। ਮਾਹਰਾਂ ਮੁਤਾਬਕ ਫਲੱਡ ਵਿਧੀ ਦੇ ਮੁਕਾਬਲਤਨ ਫੁਹਾਰਾ ਤੇ ਤੁਪਕਾ ਵਿਧੀ ਰਾਹੀਂ 90 ਫੀਸਦੀ ਅਤੇ ਅੰਡਰ-ਗਰਾਊਂਡ ਪਾਈਪ ਵਿਧੀ ਰਾਹੀਂ 40 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ।
ਕਰੀਬ 20 ਏਕੜ ’ਚ ਅਪਣਾਈ ਤੁਪਕਾ ਵਿਧੀ
ਜੈਵਿਕ ਵਿਧੀ ਰਾਹੀਂ ਖੇਤੀ, ਸਬਜ਼ੀਆ, ਬਾਗ਼ ਤੇ ਗਾਵਾਂ ਲਈ ਚਾਰਾ ਬੀਜਣ ਵਾਲੀ ਸੰਸਥਾ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਦੇ ਖੇਤੀ ਵਿੰਗ ਦੇ ਇੰਚਾਰਜ ਸਵਾਮੀ ਮਹੇਸ਼ਵਰਾਨੰਦ ਦੱਸਦੇ ਹਨ ਕਿ ਉਹ ਸਵਾਮੀ ਆਸ਼ੂਤੋਸ਼ ਮਹਾਰਾਜ ਵੱਲੋਂ ਅਧਿਆਤਮਿਕਤਾ ਦੇ ਨਾਲ-ਨਾਲ ਕੁਦਰਤ ਨਾਲ ਜੁੜਨ ਦੇ ਦਿੱਤੇ ਗਏ ਉਪਦੇਸ਼ ਤਹਿਤ ਲੋਕਾਂ ਨੂੰ ਨਰੋਈ ਸਿਹਤ ਲਈ ਕੈਮੀਕਲ ਰਹਿਤ ਫਸਲਾਂ, ਸਬਜ਼ੀਆ ਤੇ ਫਲ ਤਿਆਰ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਦੱਸਿਆ ਕਿ ਸੰਸਥਾਨ ਵੱਲੋਂ 9 ਏਕੜ ’ਚ ਮਧੂਵਾਟਿਕਾ (ਬਾਗ਼) ਤੇ 10 ਏਕੜ ’ਚ ਸਬਜ਼ੀਆਂ ਦੀ ਕਾਸ਼ਤ ਲਈ ਤੁਪਕਾ ਵਿਧੀ ਵਰਤ ਰਹੇ ਹਨ। ਇਸ ਵਿਧੀ ਰਾਹੀਂ ਸਿੰਚਾਈ ਕਰ ਕੇ ਹਰ ਸਾਲ ਪ੍ਰਤੀ ਏਕੜ 90 ਲੱਖ ਲੀਟਰ ਪਾਣੀ ਦੀ ਬਚਤ ਕੀਤੀ ਜਾ ਰਹੀ ਹੈ। ਸੰਸਥਾਨ ਵੱਲੋਂ 20 ਏਕੜ ਰਕਬਾ ਹੋਰ ਤੁਪਕਾ ਵਿਧੀ ਹੇਠ ਲਿਆਂਦਾ ਜਾ ਰਿਹਾ ਹੈ, ਜਿਸ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ।
ਖ਼ੁਦ ਤੁਪਕਾ ਵਿਧੀ ਅਪਣਾਉਣ ਦੇ ਨਾਲ ਹੋਰਨਾਂ ਨੂੰ ਵੀ ਕੀਤਾ ਜਾਗਰੂਕ
ਫੁੱਲਾਂ ਤੇ ਸਬਜ਼ੀਆ ਦੀ ਖੇਤੀ ਕਰਨ ਵਾਲੇ ਸਿਵਲ ਲਾਈਨਜ਼ ਰੋਡ ਦੇ ਨੌਜਵਾਨ ਤੇ ਉਤਸ਼ਾਹੀ ਕਿਸਾਨ ਕਰਨਬੀਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 3 ਸਾਲ ਪਹਿਲਾਂ ਆਪਣੇ ਖੇਤਾਂ ’ਚ ਫੁਹਾਰਾ ਤੇ ਤੁਪਕਾ ਵਿਧੀ ਸ਼ੁਰੂ ਕੀਤੀ ਸੀ। ਮੌਜੂਦਾ ਸਮੇਂ ਉਹ ਅਰਬਨ ਅਸਟੇਟ ਫੇਜ਼-2 ਤੇ ਧਨਾਲ ਕਲਾਂ ’ਚ 10 ਏਕੜ ਰਕਬੇ ’ਚ ਇਸ ਵਿਧੀ ਰਾਹੀਂ ਸਬਜ਼ੀਆਂ ਤੇ ਫੁੱਲਾਂ ਦੀ ਕਾਸ਼ਤ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਜਿਨ੍ਹਾਂ ਕਿਸਾਨਾਂ ਕੋਲ ਸਾਢੇ ਸੱਤ ਏਕੜ ਰਕਬੇ ’ਚ ਬਾਗ਼ ਹੈ, ਨੂੰ ਵੀ ਤੁਪਕਾ ਵਿਧੀ ਅਪਣਾਉਣ ਲਈ ਜਾਗਰੂਕ ਕੀਤਾ। ਇਸ ਵੇਲੇ ਅਲਾਵਲਪੁਰ ਨੇੜੇ ਸਾਢੇ ਸੱਤ ਏਕੜ ਬਾਗ਼ ’ਚ ਤੁਪਕਾ ਵਿਧੀ ਰਾਹੀਂ ਸਿੰਚਾਈ ਕਰ ਕੇ ਪਾਣੀ ਦੀ ਬਚਤ ਕਰ ਰਹੇ ਹਨ। ਕਰਨਬੀਰ ਸਿੰਘ ਸੰਧੂ ਨੇ ਦੱਸਿਆ ਕਿ ਤੁਪਕਾ ਵਿਧੀ ਰਾਹੀਂ ਪਾਣੀ ਦੀ ਬਚਤ ਤੋਂ ਉਤਸ਼ਾਹਤ ਹੋ ਕੇ ਉਨ੍ਹਾਂ ਨੇ ਹੋਰ 5 ਏਕੜ ਰਕਬੇ ’ਚ ਇਹ ਵਿਧੀ ਲਾਉਣ ਦੀ ਤਿਆਰੀ ਕਰ ਲਈ ਹੈ, ਜਿਸ ਲਈ ਪਾਈਪ ਵੀ ਖ਼ਰੀਦ ਲਈ ਹੈ।
8 ਦੀ ਬਜਾਏ ਇਕ ਘੰਟੇ ’ਚ ਹੀ ਲੱਗ ਜਾਂਦੈ ਪਾਣੀ
ਬਲਾਕ ਨੂਰਮਹਿਲ ਦੇ ਪਿੰਡ ਬਤੂਰਾ ਵਾਸੀ ਕੌਮੀ ਐਵਾਰਡ ਜੇਤੂ ਕਿਸਾਨ ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਉਹ 6 ਸਾਲਾਂ ਤੋਂ ਢਾਈ ਏਕੜ ਰਕਬੇ ’ਚ ਸਬਜ਼ੀਆਂ ਦੀ ਤੁਪਕਾ ਵਿਧੀ ਸਿੰਚਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਧੀ 1 ਏਕੜ ਦੇ ਪੋਲੀ ਹਾਊਸ ’ਚ ਵੀ ਵਰਤ ਰਹੇ ਹਨ। ਇਸ ਵਿਧੀ ਰਾਹੀਂ ਫਸਲਾਂ ਨੂੰ ਖਾਦ ਤੇ ਦਵਾਈਆਂ ਦੀ ਲੋੜ ਵੀ ਬਹੁਤ ਘੱਟ ਪੈਂਦੀ ਹੈ। ਹੱਥੀਂ ਖਾਦ ਪਾਉਣ ਨਾਲ ਪੌਦੇ ਤੋਂ ਇਲਾਵਾ ਘਾਹ-ਫੂਸ ਨੂੰ ਖਾਦ ਪੈ ਜਾਂਦੀ ਹੈ, ਜਿਸ ਨਾਲ ਸਬਜ਼ੀਆਂ ਤੇ ਫਸਲਾਂ ’ਚ ਨਦੀਨ ਪੈਦਾ ਹੋ ਜਾਂਦੇ ਹਨ। ਸੰਦੀਪ ਸ਼ਰਮਾ ਨੇ ਦੱਸਿਆ ਕਿ ਤੁਪਕਾ ਵਿਧੀ ਰਾਹੀਂ ਖਾਦ ਵੀ ਪਾਈਪਾਂ ਰਾਹੀਂ ਪੌਦੇ ਤਕ ਪਹੁੰਚਾਈ ਜਾਂਦੀ ਹੈ, ਜਿਸ ਨਾਲ ਨਦੀਨ ਨਹੀਂ ਪੈਦਾ ਹੁੰਦਾ। ਉਨ੍ਹਾਂ ਦੱਸਿਆ ਕਿ ਫਲੱਡ ਵਿਧੀ (ਖੁੱਲ੍ਹਾ ਪਾਣੀ) ਰਾਹੀਂ ਇਕ ਏਕੜ ਰਕਬੇ ਨੂੰ ਜਿੰਨਾ ਪਾਣੀ 8 ਘੰਟੇ ’ਚ ਲੱਗਦਾ ਹੈ, ਤੁਪਕਾ ਵਿਧੀ ਰਾਹੀਂ ਸਿਰਫ 1 ਘੰਟੇ ’ਚ ਲੱਗ ਜਾਂਦਾ ਹੈ।
ਫਲੱਡ ਵਿਧੀ ਦੇ ਮੁਕਾਬਲੇ 75 ਫ਼ੀਸਦੀ ਪਾਣੀ ਦੀ ਬਚਤ
ਭੋਗਪੁਰ ਬਲਾਕ ਦੇ ਪਿੰਡ ਬਹਿਰਾਮ ਸ਼ਰਿਸਤਾ ਵਾਸੀ ਕਿਸਾਨ ਅਮਰਜੀਤ ਸਿੰਘ ਦਾ ਦੱਸਣਾ ਹੈ ਕਿ ਉਹ 7 ਸਾਲਾਂ ਤੋਂ 6 ਏਕੜ ’ਚ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਲਈ ਨਰਸਰੀ ਚਲਾ ਰਹੇ ਹਨ। ਉਹ ਸਿੰਚਾਈ ਲਈ ਫੁਹਾਰਾ ਤੇ ਤੁਪਕਾ ਵਿਧੀ ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਫਲੱਡ ਵਿਧੀ ਦੇ ਮੁਕਾਬਲੇ 75 ਫ਼ੀਸਦੀ ਪਾਣੀ ਦੀ ਬਚਤ ਹੁੰਦੀ ਹੈ। ਅਮਰਜੀਤ ਸਿੰਘ ਨੇ ਦੱਸਿਆ ਕਿ ਪਨੀਰੀਆਂ ਨੂੰ ਤਾਪਮਾਨ ਦੇ ਹਿਸਾਬ ਨਾਲ ਪਾਣੀ ਦੇਣਾ ਪੈਂਦਾ ਹੈ। ਗਰਮੀਆਂ ਦੇ ਸੀਜ਼ਨ ’ਚ ਹਰ ਘੰਟੇ ਬਾਅਦ ਪਾਣੀ ਦੇਣ ਦੀ ਲੋੜ ਪੈਂਦੀ ਹੈ, ਇਸ ਲਈ ਪਨੀਰੀਆਂ ਵਾਸਤੇ ਫੁਹਾਰਾ ਤੇ ਤੁਪਕਾ ਵਿਧੀ ਵਰਦਾਨ ਸਿੱਧ ਹੋ ਰਹੀ ਹੈ। ਉਨ੍ਹਾਂ ਨੇ ਗਰਮੀਆਂ ’ਚ ਵਧੇਰੇ ਬਿਜਲੀ ਕੱਟ ਲੱਗਣ ਕਾਰਨ ਖੇਤ ’ਚ ਸੀਮੈਂਟ ਦਾ ਟੈਂਕ ਵੀ ਬਣਾਇਆ ਹੋਇਆ ਹੈ, ਜਿਸ ’ਚ ਕਰੀਬ 80,000 ਲੀਟਰ ਪਾਣੀ ਸਟੋਰ ਕੀਤਾ ਜਾਂਦਾ ਹੈ।
ਪਾਣੀ ਬਚਾਉਣ ਲਈ ਸਿੰਚਾਈ ਦੀਆਂ ਨਵੀਆਂ ਵਿਧੀਆਂ ਅਪਣਾਉਣ ਦੀ ਲੋੜ
ਮਹਿੰਦਰ ਸਿੰਘ ਸੈਣੀ ਮੁੱਖ ਭੂਮੀਪਾਲ, ਭੂਮੀ ਤੇ ਜਲ ਸੰਭਾਲ ਵਿਭਾਗ ਪੰਜਾਬ ਦਾ ਕਹਿਣਾ ਹੈ ਕਿ ਪੰਜਾਬ ’ਚ 50 ਲੱਖ ਹੈਕਟੇਅਰ ਰਕਬਾ ਹੈ, ਜਿਸ ’ਚੋਂ 82 ਫੀਸਦੀ ਰਕਬਾ ਖੇਤੀ ਅਧੀਨ ਹੈ। ਇਸ ’ਚੋਂ 99 ਫੀਸਦੀ ਰਕਬਾ ਸਿੰਚਾਈ ਅਧੀਨ ਹੈ, ਜਿਸ ’ਚ 23 ਫੀਸਦੀ ਨਹਿਰਾਂ ਤੇ 73 ਫੀਸਦੀ ਟਿਊਬਵੈੱਲ ਰਾਹੀਂ ਸਿੰਚਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਸਿੰਚਾਈ ਦੀ ਮੰਗ 46.8 ਬੀਸੀਐੱਮ ਹੈ ਜਦੋਂਕਿ ਉਪਲੱਬਧਤਾ 30.8 ਬੀਸੀਐੱਮ ਅਤੇ 16 ਬੀਸੀਐੱਮ ਸਿੰਚਾਈ ਪਾਣੀ ਦੀ ਘਾਟ ਹੈ। ਅਸੀਂ ਹਰ ਸਾਲ 9.72 ਬੀਸੀਐੱਮ ਪਾਣੀ ਧਰਤੀ ’ਚੋਂ ਵਾਧੂ ਕੱਢ ਰਹੇ ਹਾਂ। ਮੁੱਖ ਭੂਮੀਪਾਲ ਮਹਿੰਦਰ ਸਿੰਘ ਸੈਣੀ ਨੇ ਕਿਹਾ ਕਿ ਤੁਪਕਾ ਸਿੰਚਾਈ ਵਿਧੀ ਰਾਹੀਂ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ, ਉਥੇ ਹੀ ਫਸਲ ਦੇ ਝਾੜ ’ਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤੁਪਕਾ ਵਿਧੀ ਲਵਾਉਣ ਲਈ ਪ੍ਰਤੀ ਏਕੜ ’ਚ ਕਰੀਬ 1.25 ਲੱਖ ਰੁਪਏ ਦਾ ਖਰਚ ਆਉਂਦਾ ਹੈ ਅਤੇ ਸਰਕਾਰ ਵੱਲੋਂ ਤੁਪਕਾ ਤੇ ਫੁਹਾਰਾ ਵਿਧੀ ਲਵਾਉਣ ਵਾਲੇ ਕਿਸਾਨਾਂ ਨੂੰ 80 ਫੀਸਦੀ ਤਕ ਸਬਸਿਡੀ ਦਿੱਤੀ ਜਾਂਦੀ ਹੈ।