ਰਾਕੇਸ਼ ਗਾਂਧੀ, ਜਲੰਧਰ : ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਦੀ ਟੀਮ ਨੇ ਤਹਿਸੀਲ ਦਫਤਰ ਦੇ ਬਾਹਰ ਕੰਮ ਕਰਨ ਵਾਲੇ ਇਕ ਵਿਅਕਤੀ ਨੂੰ ਬਿਨਾਂ ਐੱਨਓਸੀ ਦੇ ਰਜਿਸਟਰੀ ਕਰਵਾਉਣ ਦੇ ਬਦਲੇ ਵੀਹ ਹਜ਼ਾਰ ਰੁਪਏ ਦੀ ਵੱਢੀ ਲੈਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਹੈ।
ਐੱਸਐੱਸਪੀ ਵਿਜੀਲੈਂਸ ਡੀਐੱਸ ਿਢੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਵ੍ਹਟਸਐਪ ਨੰਬਰ 'ਤੇ ਮਨਦੀਪ ਸਿੰਘ ਵਾਸੀ ਕਬੀਰ ਨਗਰ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਜਾਣਕਾਰ ਰਾਜੇਸ਼ ਸ਼ਾਹ ਨੇ ਮਹਿਬੂਬਾ ਵਾਸੀ ਗੁਰੂ ਅਮਰਦਾਸ ਨਗਰ ਤੋਂ ਸ਼ਿਵ ਨਗਰ ਵਿਚ ਸਥਿਤ ਇਕ ਚਾਰ ਮਰਲੇ ਦਾ ਪਲਾਟ ਖਰੀਦਿਆ ਸੀ, ਜਿਸ ਦੀ ਰਜਿਸਟਰੀ ਕਰਵਾਉਣ ਲਈ ਉਹ ਗੁਪਤਾ ਐਸੋਸੀਏਟ ਦੇ ਮੁਕੁਲ ਗੁਪਤਾ ਕੋਲ ਗਏ। ਉਸ ਨੇ ਉਨ੍ਹਾਂ ਕੋਲੋਂ ਸਰਕਾਰੀ ਅਸ਼ਟਾਮਾਂ ਤੋਂ ਇਲਾਵਾ ਵੀਹ ਹਜ਼ਾਰ ਰੁਪਏ ਰਜਿਸਟਰੀ ਕਲਰਕ ਦਫਤਰ ਰਜਿਸਟਰਾਰ ਨੂੰ ਦੇਣ ਲਈ ਮੰਗੇ ਸਨ, ਜਿਸ ਕੋਲੋਂ ਉਸ ਨੇ ਬਿਨਾਂ ਐੱਨਓਸੀ ਰਜਿਸਟਰੀ ਕਰਵਾਉਣ ਲਈ ਆਖਿਆ ਸੀ। ਮਨਦੀਪ ਸਿੰਘ ਨੇ ਮੁਕੁਲ ਗੁਪਤਾ ਨੂੰ ਵੀਹ ਹਜ਼ਾਰ ਦਿੱਤੇ, ਜਿਸ ਦੀ ਰਿਕਾਰਡਿਡ ਆਡੀਓ ਉਸ ਨੇ ਵਿਜੀਲੈਂਸ ਨੂੰ ਪੇਸ਼ ਕੀਤੀ। ਵਿਜੀਲੈਂਸ ਦੀ ਟੀਮ ਵੱਲੋਂ ਸਾਰੀ ਪੜਤਾਲ ਕਰਨ ਤੋਂ ਬਾਅਦ ਮੁਕੁਲ ਗੁਪਤਾ ਖਿਲਾਫ਼ ਭਿ੍ਸ਼ਟਾਚਾਰ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਮੁਕੁਲ ਗੁਪਤਾ ਨੇ ਇਹ ਪੈਸੇ ਕਿਸ ਲਈ ਲਏ ਸਨ, ਜੇਕਰ ਕੋਈ ਸਰਕਾਰੀ ਅਧਿਕਾਰੀ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।