ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਨਗਰ ਨਿਗਮ ਚੋਣਾਂ ਲਈ ਵਾਰਡਬੰਦੀ ਦਾ ਸਰਵੇ ਪੂਰਾ ਹੋ ਗਿਆ ਹੈ। ਵਾਰਡਬੰਦੀ ਦੇ ਸਰਵੇ 'ਚ ਨੁਕਸ ਮਿਲਣ ਕਾਰਨ 32 ਵਾਰਡ ਤੇ 11 ਪਿੰਡਾਂ ਦਾ ਸਰਵੇ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ। 31 ਜਨਵਰੀ ਨੂੰ ਇਸ ਦੀ ਰਿਪੋਰਟ ਲੋਕਲ ਬਾਡੀ ਵਿਭਾਗ ਨੂੰ ਸੌਂਪੀ ਜਾਣੀ ਹੈ ਤੇ ਇਹੀ ਵਜ੍ਹਾ ਹੈ ਕਿ 30 ਜਨਵਰੀ ਨੂੰ ਇਸ ਦਾ ਸਰਵੇ ਖਤਮ ਕਰ ਦਿੱਤਾ ਗਿਆ ਹੈ। ਦੇਰ ਰਾਤ ਤਕ ਡਾਟਾ ਅਪਡੇਟ ਕਰਨ ਦਾ ਕੰਮ ਜਾਰੀ ਸੀ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ 32 ਵਾਰਡਾਂ ਤੇ 11 ਪਿੰਡਾਂ 'ਚ ਦੁਬਾਰਾ ਸਰਵੇ ਕੀਤਾ ਗਿਆ ਹੈ, ਉਥੇ ਜਨ-ਸੰਖਿਆ ਦਾ ਅੰਕੜਾ 50,000 ਵਧ ਗਿਆ ਹੈ। ਇਸ ਤੋਂ ਸਾਫ ਹੈ ਕਿ ਪਹਿਲੇ ਸਰਵੇ 'ਚ ਕਾਫੀ ਗੜਬੜੀਆਂ ਕੀਤੀਆਂ ਗਈਆਂ ਹਨ। ਅਜਿਹੇ 'ਚ ਇਹ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਕੀ ਬਾਕੀ ਵਾਰਡਾਂ 'ਚ ਵੀ ਦੁਬਾਰਾ ਸਰਵੇ ਕਰਨ ਦੀ ਲੋੜ ਪਵੇਗੀ। 2011 ਦੀ ਜਨ-ਗਣਨਾ ਮੁਤਾਬਕ ਜਨ-ਸੰਖਿਆ 9,16000 ਸੀ ਪਰ ਕਰੀਬ 11 ਸਾਲ ਬਾਅਦ ਹੋਏ ਸਰਵੇ ਦੀ ਆਬਾਦੀ ਪਹਿਲਾਂ ਤੋਂ ਵੀ ਘੱਟ ਹੋ ਗਈ। ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਇਹ ਗੜਬੜੀ ਫੜ ਲਈ ਸੀ ਤੇ ਉਸ ਤੋਂ ਬਾਅਦ ਹੀ ਸਾਰੇ ਵਾਰਡਾਂ 'ਚ ਸਰਵੇ ਦੇ ਅੰਕੜਿਆਂ ਦੀ ਜਾਂਚ ਕੀਤੀ ਗਈ। ਗੜਬੜੀ ਦੂਰ ਕਰਨ ਲਈ ਨਵੀਆਂ ਟੀਮਾਂ ਲਾ ਕੇ ਉਥੇ ਸਰਵੇ ਕੀਤਾ ਗਿਆ ਹੈ। ਇਸ ਲਈ ਚੰਡੀਗੜ੍ਹ ਤੋਂ ਵੀ ਵਿਸ਼ੇਸ਼ ਟੀਮਾਂ ਬੁਲਾਈਆਂ ਗਈਆਂ ਹਨ। ਚੰਡੀਗੜ੍ਹ ਤੋਂ ਆਈ ਟੀਮ ਹੀ ਹੁਣ ਮੰਗਲਵਾਰ ਨੂੰ ਇਹ ਡਾਟਾ ਚੰਡੀਗੜ੍ਹ 'ਚ ਸਰਕਾਰ ਨੂੰ ਸੌਂਪੇਗੀ। ਉਥੇ ਹੀ ਆਮ ਆਦਮੀ ਪਾਰਟੀ, ਜਿਸ ਤਰ੍ਹਾਂ ਦੂਜੀਆ ਪਾਰਟੀਆਂ ਦੇ ਸਾਬਕਾ ਕੌਂਸਲਰਾਂ ਤੇ ਆਗੂਆਂ ਨੂੰ ਸ਼ਾਮਲ ਕਰ ਰਹੀ ਹੈ, ਉਸ ਤੋਂ ਇਹ ਸੰਦੇਸ਼ ਜਾ ਰਿਹਾ ਹੈ ਕਿ ਨਗਰ ਨਿਗਮ ਚੋਣਾਂ ਦੀ ਪੂਰੀ ਤਿਆਰੀ ਹੈ। 'ਆਪ' ਸਰਕਾਰ ਵਾਰਡਬੰਦੀ ਦੇ ਕੰਮ ਨੂੰ ਛੇਤੀ ਨਿਬੇੜ ਕੇ ਇਤਰਾਜ਼ ਮੰਗ ਸਕਦੀ ਹੈ ਤੇ ਚੋਣ ਪ੍ਰਕਿਰਿਆ ਨੂੰ ਛੇਤੀ ਲਾਗੂ ਕਰਨ ਦਾ ਯਤਨ ਕਰੇਗੀ। ਹਾਲਾਂਕਿ ਇਸ ਪ੍ਰਕਿਰਿਆ 'ਚ ਹਾਲੇ ਵੀ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।