ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਬਰਸਾਤੀ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਸੱਪਾਂ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਵੀਰਵਾਰ ਨੂੰ ਜ਼ਿਲ੍ਹੇ 'ਚ ਸਿਹਤ ਮੁਲਾਜ਼ਮ ਤੇ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ।
ਜਾਣਕਾਰੀ ਮੁਤਾਬਕ 45 ਸਾਲਾ ਦੀਪਕ ਭਾਰਦਵਾਜ ਸਿਵਲ ਸਰਜਨ ਦਫਤਰ 'ਚ ਅਕਾਊਂਟੈਂਟ ਵਜੋਂ ਤਾਇਨਾਤ ਸੀ। ਬੁੱਧਵਾਰ ਰਾਤ ਉਹ ਆਪਣੇ ਕਾਲਾ ਸੰਿਘਆ ਰੋਡ ਸਥਿਤ ਘਰ ਦੇ ਕਮਰੇ 'ਚ ਫਰਸ਼ 'ਤੇ ਸੌਂ ਰਿਹਾ ਸੀ। ਦੇਰ ਰਾਤ ਕਰੀਬ ਢਾਈ ਵਜੇ ਉਸ ਦੀ ਪਤਨੀ ਨੂੰ ਕਮਰੇ 'ਚ ਸੱਪ ਵਿਖਾਈ ਦਿੱਤਾ ਤਾਂ ਉਸ ਨੇ ਦੀਪਕ ਨੂੰ ਜਗਾਇਆ। ਦੀਪਕ ਨੇ ਸੱਪ ਨੂੰ ਕਮਰੇ 'ਚੋਂ ਬਾਹਰ ਕੱਢ ਦਿੱਤਾ। ਉਪਰੰਤ ਦੀਪਕ ਨੂੰ ਖੁਦ ਹਲਕੀ ਘਬਰਾਹਟ ਹੋਣ ਲੱਗੀ ਤੇ ਉਹ ਆਪ ਹੀ ਸਕੂਟਰ ਲੈ ਕੇ ਸਿਵਲ ਹਸਪਤਾਲ ਪੁੱਜਾ। ਉਥੇ ਡਿਊਟੀ ਦੇ ਰਹੇ ਡੀਐੱਨਬੀ ਦੇ ਵਿਦਿਆਰਥੀ ਡਾ. ਸ਼ੁਭਮ ਕੁਮਾਰ ਨੇ ਉਸ ਦੀ ਜਾਂਚ ਕੀਤੀ। ਹਾਲਾਂਕਿ ਦੀਪਕ ਭਾਰਦਵਾਜ ਨੂੰ ਸੱਪ ਦੇ ਡੰਗਣ ਬਾਰੇ ਜਾਣਕਾਰੀ ਨਹੀਂ ਸੀ। ਜਦੋਂ ਕੱਪੜੇ ਲਾਹ ਕੇ ਜਾਂਚ ਕੀਤੀ ਤਾਂ ਛਾਤੀ ਦੇ ਸੱਜੇ ਪਾਸੇ ਸੱਪ ਦੇ ਡੰਗਣ ਦਾ ਨਿਸ਼ਾਨ ਸੀ। ਦੇਖਦੇ ਹੀ ਦੇਖਦੇ ਮਰੀਜ਼ ਦੀਆਂ ਅੱਖਾਂ ਬੰਦ ਹੋ ਗਈਆਂ। ਉਸ ਨੂੰ ਤੁਰੰਤ ਟੋ੍ਮਾ ਸੈਂਟਰ 'ਚ ਤਬਦੀਲ ਕਰਕੇ ਐਂਟੀ ਸਨੇਕ ਟੀਕੇ ਲਾਏ ਗਏ। ਇਸ ਦੌਰਾਨ ਸੱਪ ਦੇ ਡੰਗਣ ਦਾ ਸ਼ਿਕਾਰ ਮਰੀਜ਼ਾਂ ਦੇ ਇਲਾਜ 'ਚ ਵਰਤਿਆ ਜਾਣ ਵਾਲੀ ਇਕ ਟੀਕਾ ਲੈਣ ਲਈ ਡਾ. ਸ਼ੁਭਮ ਕੁਮਾਰ ਖੁਦ ਸਕੂਟਰ ਲੈ ਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਪੁੱਜੇ ਤੇ ਉਥੋਂ ਟੀਕਾ ਲਿਆ ਕੇ ਮਰੀਜ਼ ਨੂੰ ਲਾਇਆ। ਇਸ ਦੇ ਬਾਵਜੂਦ ਕਰੀਬ ਸਵੇਰੇ ਪੌਣੇ ਅੱਠ ਵਜੇ ਦੀਪਕ ਦੀ ਮੌਤ ਹੋ ਗਈ। ਮਿ੍ਤਕ ਦੇ ਪਰਿਵਾਰ 'ਚ ਪਤਨੀ ਤੇ ਦੋ ਬੱਚੇ ਹਨ। ਉਸ ਦਾ ਸਸਕਾਰ ਕਰ ਦਿੱਤਾ ਗਿਆ। ਉਥੇ ਹੀ ਸਿਵਲ ਸਰਜਨ ਦਫਤਰ ਦੇ ਸਟਾਫ ਨੇ ਦੀਪਕ ਦੇ ਇਲਾਜ ਬਾਰੇ ਇਤਰਾਜ਼ ਕੀਤਾ ਤਾਂ ਸਿਵਲ ਸਰਜਨ ਡਾ. ਰਮਨ ਸ਼ਰਮਾ ਨੇ ਹਸਪਤਾਲ ਦਾ ਸਟਾਫ ਮੌਕੇ 'ਤੇ ਬੁਲਾ ਕੇ ਉਨ੍ਹਾਂ ਦੀ ਤਸੱਲੀ ਕਰਵਾਈ। ਸਿਵਲ ਹਸਪਤਾਲ ਦੇ ਕਾਰਜਕਾਰੀ ਐੱਮਐੱਸ ਡਾ. ਸਤਿੰਦਰਜੀਤ ਸਿੰਘ ਬਜਾਜ ਨੇ ਕਿਹਾ ਕਿ ਮਰੀਜ਼ ਸੱਪ ਦੇ ਡੰਗਣ ਤੋਂ ਬਾਅਦ ਦੇਰੀ ਨਾਲ ਹਸਪਤਾਲ ਪੁੱਜਾ। ਛਾਤੀ 'ਤੇ ਸੱਪ ਦੇ ਡੰਗਣ ਨਾਲ ਜ਼ਹਿਰ ਉਸ ਦੇ ਦਿਮਾਗ ਨੂੰ ਚੜ੍ਹ ਗਿਆ ਸੀ ਅਤੇ ਉਸ ਦੀਆਂ ਅੱਖਾਂ ਬੰਦ ਹੋ ਰਹੀਆਂ ਸਨ।
--------------
ਝੋਨੇ ਦੀ ਪਨੀਰੀ ਪੁੱਟ ਕੇ ਖੇਤ 'ਚੋਂ ਲੰਘ ਰਹੇ ਪਰਵਾਸੀ ਮਜ਼ਦੂਰ ਨੂੰ ਸੱਪ ਨੇ ਡੰਗਿਆ
ਇਸੇ ਦੌਰਾਨ ਜ਼ਿਲ੍ਹੇ ਦੇ ਪਿੰਡ ਤਲਵਣ ਵਿਚ ਇਕ ਪਰਵਾਸੀ ਮਜ਼ਦੂਰ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮਿ੍ਤਕ ਦੀ ਪਛਾਣ ਲਾਲੂ ਸਾਹਨੀ ਪੁੱਤਰ ਰੂਦਲ ਸਾਹਨੀ ਵਾਸੀ ਪਿੰਡ ਗੰਗੌਰ ਹਰਲਾਖੀ ਜ਼ਿਲ੍ਹਾ ਮਧੂਬਨੀ ਬਿਹਾਰ ਵਜੋਂ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਕੇਵਲ ਸਿੰਘ ਵਾਸੀ ਤਲਵਣ ਨੇ ਦੱਸਿਆ ਕਿ ਲਾਲੂ ਸਾਹਨੀ ਆਪਣੇ ਸਾਥੀਆਂ ਨਾਲ ਝੋਨੇ ਦੀ ਲਵਾਈ ਲਈ ਇੱਥੇ ਆਇਆ ਹੋਇਆ ਸੀ। ਬੁੱਧਵਾਰ ਨੂੰ ਉਹ ਖੇਤਾਂ ਵਿਚੋਂ ਪਨੀਰੀ ਪੁੱਟ ਕੇ ਜਾ ਰਿਹਾ ਸੀ ਤਾਂ ਸੱਪ ਨੇ ਉਸ ਨੂੰ ਡੰਗ ਲਿਆ। ਲਾਲੂ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। ਕਿਸਾਨ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਉਸ ਦੇ ਸਾਥੀਆਂ ਨੂੰ ਸੌਂਪ ਦਿੱਤੀ। ਪਰਵਾਸੀ ਮਜ਼ਦੂਰਾਂ ਤੇ ਕਿਸਾਨਾਂ ਨੇ ਬੁੱਧਵਾਰ ਦੇਰ ਸ਼ਾਮ ਨੂੰ ਤਲਵਣ ਵਿਚ ਲਾਲੂ ਸਾਹਨੀ ਦਾ ਸਸਕਾਰ ਕਰ ਦਿੱਤਾ। ਕਿਸਾਨ ਆਗੂ ਕੇਵਲ ਸਿੰਘ ਨੇ ਦੱਸਿਆ ਕਿ ਲਾਲੂ ਸਾਹਨੀ ਦੀ ਮੌਤ ਬਾਰੇ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।