ਪੰਜਾਬੀ ਜਾਗਰਣ ਕੇਂਦਰ, ਜਲੰਧਰ : ਕਾਂਗਰਸੀ ਆਗੂ ਤੇ ਸਾਬਕਾ ਕੌਂਸਲਰ ਸੁਸ਼ੀਲ ਵਿੱਕੀ ਕਾਲੀਆ ਦੀ ਸਿਆਸਤ 'ਚ ਐਂਟਰੀ 2018 ਦੀਆਂ ਨਿਗਮ ਚੋਣਾਂ ਤੋਂ ਇਕਦਮ ਪਹਿਲਾਂ ਹੋਈ ਸੀ। ਪੇਸ਼ੇ ਤੋਂ ਸਨਅਤਕਾਰ ਸੁਸ਼ੀਲ ਕਾਲੀਆ ਇੰਡਸਟਰੀ ਤੇ ਟਰੇਡ ਦੀਆਂ ਕਈ ਸੰਸਥਾਵਾਂ ਦੇ ਮੈਂਬਰ ਵਜੋਂ ਸਰਗਰਮ ਸਨ। ਸਿਆਸਤ 'ਚ ਉਨ੍ਹਾਂ ਦੀ ਐਂਟਰੀ ਵੀ ਸਿਆਸੀ ਗਰੁੱਪ ਨੇ ਵੀ ਕਰਵਾਈ ਸੀ ਤਾਂ ਕਿ ਉਹ ਸਰਕਾਰ ਕੋਲ ਇੰਡਸਟਰੀ ਤੇ ਟਰੇਡ ਦੀ ਗੱਲ ਰੱਖ ਸਕੇ। ਇੰਡਸਟ੍ਰੀਅਲ ਏਰੀਆ ਦੀ ਉਨ੍ਹਾਂ ਨੂੰ ਪੂਰੀ ਹਮਾਇਤ ਹਾਸਲ ਕੀਤੀ। ਇਸ ਵਜ੍ਹਾ ਨਾਲ ਉਹ ਆਸਾਨੀ ਨਾਲ ਚੋਣ ਜਿੱਤ ਗਏ ਤੇ ਜਲੰਧਰ ਨਾਰਥ ਤੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਦੇ ਨੇੜੇ ਆ ਗਏ। ਇਸ ਵਜ੍ਹਾ ਨਾਲ ਨਗਰ ਨਿਗਮ 'ਚ ਵੀ ਉਨ੍ਹਾਂ ਦਾ ਪ੍ਰਭਾਵ ਕਾਫੀ ਵਧ ਗਿਆਸੀ। ਨਗਰ ਨਿਗਮ ਦੀ ਮਹੱਤਵਪੂਰਨ ਟਾਊਨ ਪਲੈਨਿੰਗ ਐਂਡ ਬਿਲਡਿੰਗ ਐਡਹਾਕ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਸੀ। ਵਿੱਕੀ ਇਲਾਕੇ 'ਚ ਵੀ ਕਾਫੀ ਸਰਗਰਮ ਮੰਨੇ ਜਾਂਦੇ ਸਨ। ਇਲਾਕੇ 'ਚ ਉਨ੍ਹਾਂ ਨੇ ਕਾਫੀ ਵਿਕਾਸ ਵੀ ਕਰਵਾਇਆ ਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਉਹ ਹਮੇਸ਼ਾ ਹਾਜ਼ਰ ਰਹਿੰਦੇ ਸਨ। ਇਥੋਂ ਤਕ ਦੀ ਗੜਬੜੀ ਦੇ ਦੋਸ਼ਾਂ 'ਚ ਫਸਣ ਤੋਂ ਪਹਿਲਾਂ ਤਕ ਉਨ੍ਹਾਂ ਦੇ ਵਿਰੋਧੀ ਵੀ ਇਹ ਮੰਨਦੇ ਸਨ ਕਿ ਅਗਲੇ ਚੋਣ 'ਚ ਵਿੱਕੀ ਕਾਲੀਆ ਨੂੰ ਹਰਾਇਆ ਨਹੀਂ ਜਾ ਸਕੇਗਾ। ਉਨ੍ਹਾਂ ਦੀ ਇਹ ਤੇਜ਼ੀ ਸ਼ਾਇਦ ਉਨ੍ਹਾਂ ਲਈ ਨੁਕਸਾਨ ਦਾ ਕਾਰਨ ਬਣੀ ਤੇ ਉਹ ਸਿਆਸੀ ਹੱਥਕੰਡਿਆਂ 'ਚ ਫਸਦੇ ਗਏ। ਕਾਂਗਰਸ ਦੇ ਕਾਰਜਕਾਲ ਦੌਰਾਨ ਵਿੱਕੀ ਕਾਲੀਆ ਦੇ ਵਾਰਡ 'ਚ ਕਮਿਊਨਿਟੀ ਹਾਲ ਬਣਾਉਣ ਲਈ ਵੱਖ-ਵੱਖ ਸੁਸਾਇਟੀਆਂ ਨੂੰ 10-10 ਲੱਖ ਦੀ ਗ੍ਾਂਟ ਜਾਰੀ ਹੋਈ ਸੀ। ਉਹ ਸਰਕਾਰ ਦੇ ਨਿਸ਼ਾਨੇ 'ਤੇ ਆ ਗਏ ਸਨ ਤੇ ਜਾਂਚ ਸ਼ੁਰੂ ਹੋ ਗਈ ਸੀ। ਪ੍ਰਸ਼ਾਸਨਿਕ ਤੌਰ 'ਤੇ ਏਡੀਸੀ ਦੀ ਜਾਂਚ 'ਚ ਵੀ ਗੜਬੜੀ ਸਾਬਤ ਹੋਣ ਤੋਂ ਬਾਅਦ ਕੇਸ ਦਰਜ ਕਰ ਲਿਆ ਗਿਆ ਸੀ ਤੇ ਵਿੱਕੀ ਕਾਲੀਆ ਨੂੰ ਅੰਡਰਗਰਾਊਂਡ ਹੋਣਾ ਪਿਆ ਸੀ। ਕਈ ਮਹੀਨੇ ਅੰਡਰਗਰਾਊਂਡ ਰਹਿਣ ਤੋਂ ਬਾਅਦ ਕਾਲੀਆ ਦੀ ਜ਼ਮਾਨਤ ਹੋ ਗਈ ਸੀ ਤੇ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪੁੱਤਰ ਦੀ ਜ਼ਮਾਨਤ ਨਾ ਹੋਣ ਕਾਰਨ ਉਹ ਪਰੇਸ਼ਾਨ ਰਹਿੰਦੇ ਸਨ। ਤਿੰਨ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਵਿੱਕੀ ਕਾਲੀਆ ਤੇ ਪੁੱਤਰ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਤੇ ਦੱਸਿਆ ਜਾ ਰਿਹਾ ਸੀ ਕਿ ਕਿਸੇ ਨੇ ਕਾਲੀਆ ਨੂੰ ਰੱਜ ਕੇ ਪਰੇਸ਼ਾਨ ਕਰ ਦਿੱਤਾ ਸੀ।
---
ਨਿਗਮ 'ਚ ਵੀ ਚਰਚਾ 'ਚ ਰਹਿੰਦੇ ਸਨ ਕਾਲੀਆ
ਵਾਰਡ ਨੰ. 64 ਤੋਂ ਚੋਣ ਜਿੱਤਣ ਤੋਂ ਬਾਅਦ ਵਿੱਕੀ ਕਾਲੀਆ ਨਗਰ ਨਿਗਮ ਦੀ ਸਿਆਸਤ 'ਚ ਕਾਫੀ ਸਰਗਰਮ ਹੋ ਗਏ ਸਨ ਤੇ ਨਾਰਥ ਹਲਕੇ 'ਚ ਵਿਧਾਇਕ ਬਾਵਾ ਹੈਨਰੀ ਦੇ ਪ੍ਰਤੀਨਿਧੀ ਵਜੋਂ ਪਛਾਣ ਬਣਾਉਣ ਲੱਗੇ। ਜਲੰਧਰ ਦੇ ਪ੍ਰਸਿੱਧ ਸੋਢਲ ਮੇਲੇ 'ਚ ਵੀ ਉਹ ਕਾਫੀ ਸਰਗਰਮ ਰਹੇ ਸਨ ਤੇ ਮੇਲੇ ਦੌਰਾਨ ਪ੍ਰਬੰਧਾਂ ਨੂੰ ਬਿਹਤਰ ਬਣਾਉਣ 'ਚ ਵੀ ਉਨ੍ਹਾਂ ਦਾ ਯੋਗਦਾਨ ਰਿਹਾ। ਇਸੇ ਵਿਚਾਲੇ ਉਹ ਚੰਦਨ ਨਗਰ ਅੰਡਰ ਬਿ੍ਜ ਨਾਲ ਛੇੜਛਾੜ ਨੂੰ ਲੈ ਕੇ ਵੀ ਵਿਵਾਦਾਂ 'ਚ ਫਸੇ ਰਹੇ। ਨਿਗਮ ਹਾਊਸ 'ਚ ਵੀ ਉਹ ਮੁੱਦਿਆਂ ਨੂੰ ਬਾਖੂਬੀ ਉਠਾਉਂਦੇ ਸਨ। ਉਨ੍ਹਾਂ ਨੇ ਜਦੋਂ ਟਾਊਨ ਪਲੈਨਿੰਗ ਐਂਡ ਬਿਲਡਿੰਗ ਕਮੇਟੀ 'ਚ ਜਗ੍ਹਾ ਮਿਲੀ ਤਾਂ ਉਨ੍ਹਾਂ ਨੇ ਨਾਜਾਇਜ਼ ਕਾਲੋਨੀਆਂ ਤੇ ਨਾਜਾਇਜ਼ ਉਸਾਰੀ ਨਾਲ ਜੁੜੇ ਕਈ ਮੁੱਦੇ ਉਠਾਏ, ਮਨਜ਼ੂਰੀ ਲਈ ਬਿਨੈ ਕਰਨ ਵਾਲੇ ਕਾਲੋਨਾਈਜ਼ਰਾਂ ਤੋਂ ਫੀਸ ਵਸੂਲੀ ਦਾ ਮਾਮਲਾ ਵੀ ਮਜ਼ਬੂਤੀ ਨਾਲ ਰੱਖਿਆ।
---
ਸਾਬਕਾ ਕੌਂਸਲਰ ਵਿੱਕੀ ਕਾਲੀਆ ਦਾ ਨਾਂ ਜਦੋਂ ਗ੍ਾਂਟ ਗਬਨ 'ਚ ਜੁੜਿਆ ਤਾਂ ਸਨਅਤੀ ਸੰਗਠਨਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਬੈਠਕਾਂ ਤੋਂ ਦੂਰ ਰਹੇ। ਹਾਲਾਂਕਿ ਕੌਂਸਲਰ ਬਣਨ ਤੋਂ ਪਹਿਲਾਂ ਸਨਅਤੀ ਸੰਗਠਨਾਂ ਦੀਆਂ ਬੈਠਕਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇੰਡਸਟਰੀ ਦੀ ਮੰਗ ਸਰਕਾਰ ਕੋਲ ਰੱਖਦੇ ਸਨ। ਜਦੋਂ ਤੋਂ ਗ੍ਾਂਟ ਗਬਨ ਦੇ ਮਾਮਲੇ 'ਚ ਵਿੱਕੀ ਕਾਲੀਆ 'ਤੇ ਐੱਫਆਈਆਰ ਦਰਜ ਹੋਈ ਸੀ ਤਾਂ ਸੰਗਠਨਾਂ ਦੀਆਂ ਹੋਣ ਵਾਲੀਆਂ ਬੈਠਕਾਂ 'ਚੋਂ ਗਾਇਬ ਰਹਿਣ ਲੱਗੇ।
---
ਇੰਡਸਟਰੀ ਵੀ ਦੁਖੀ
ਸਾਬਕਾ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਦੀ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਜਦੋਂ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਕੁਝ ਦੱਸਣ ਲਈ ਤਿਆਰ ਨਹੀਂ ਸੀ। ਇੰਡਸਟਰੀ ਨਾਲ ਜੁੜੇ ਲੋਕ ਸਦਮੇ 'ਚ ਸਨ। ਉਹ ਵੀ ਸੋਚ ਰਹੇ ਸਨ ਕਿ ਵਿੱਕੀ ਕਾਲੀਆ ਨੇ ਅਜਿਹਾ ਖੌਫਨਾਕ ਕਦਮ ਕਿਵੇਂ ਚੁੱਕ ਲਿਆ। ਇਹ ਗੱਲ ਸਮਝੇ ਤੋਂ ਪਰ੍ਹੇ ਹੈ।
--
ਸਨਅਤੀ ਸੰਗਠਨਾਂ ਦੀਆਂ ਬੈਠਕਾਂ 'ਚ ਹਾਜ਼ਰ ਰਹਿੰਦੇ ਸਨ ਰਾਜ ਕੁਮਾਰ ਸ਼ਰਮਾ ਤੇ ਵਿੱਕੀ ਕਾਲੀਆ
ਕੌਂਸਲਰ ਬਣਨ ਤੋਂ ਪਹਿਲਾਂ ਸਨਅਤੀ ਸੰਗਠਨਾਂ ਦੀਆਂ ਹੋਣ ਵਾਲੀਆਂ ਬੈਠਕਾਂ 'ਚ ਰਾਜ ਕੁਮਾਰ ਸ਼ਰਮਾ ਤੇ ਸਾਬਕਾ ਕੌਂਸਲਰ ਵਿੱਕੀ ਕਾਲੀਆ ਇਕੱਠੇ ਹੁੰਦੇ ਸਨ। ਦੋਵੇਂ ਇੰਡਸਟਰੀ ਦੀਆਂ ਸਮੱਸਿਆਵਾਂ ਨੂੰ ਸਰਕਾਰ ਕੋਲ ਉਠਾਉਂਦੇ ਰਹਿੰਦੇ ਹਨ। ਅਜਿਹਾ ਕੀ ਹੋਇਆ ਕਿ ਵਿੱਕੀ ਕਾਲੀਆ ਮਰਨ ਤੋਂ ਪਹਿਲਾਂ ਖੁਦਕੁਸ਼ੀ ਨੋਟ 'ਚ ਰਾਜ ਕੁਮਾਰ ਸ਼ਰਮਾ ਤੇ ਉਨ੍ਹਾਂ ਦੀ ਧਰਮ ਪਤਨੀ ਦਾ ਨਾਂ ਲਿਖ ਕੇ ਚਲੇ ਗਏ। ਇਨ੍ਹਾਂ ਦੋਵਾਂ 'ਚ ਅਜਿਹਾ ਕੀ ਮਨ-ਮੁਟਾਅ ਚੱਲ ਰਿਹਾ ਸੀ। ਕੋਈ ਦੱਸਣ ਨੂੰ ਤਿਆਰ ਨਹੀਂ ਹੈ। ਖੁਦਕੁਸ਼ੀ ਨੋਟ 'ਚ ਲਿਖੇ ਨਾਂ ਰਾਜ ਕੁਮਾਰ ਸ਼ਰਮਾ ਨਾਲ ਇਸ ਮਾਮਲੇ ਨੂੰ ਲੈ ਕੇ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਹੁਣੇ ਪਤਾ ਲੱਗਾ ਹੈ। ਅੱਗੇ ਦੇਖਦੇ ਹਾਂ ਕਿ ਕੀ ਹੁੰਦਾ ਹੈ, ਇਹ ਕਹਿ ਕੇ ਫੋਨ ਕੱਟ ਦਿੱਤਾ।