ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮੰਗਲਵਾਰ ਨੂੰ ਦੁਪਹਿਰ ਦੇ ਸਮੇਂ ਧੁੱਪ ਖਿੜੀ ਰਹਿਣ ਦੇ ਬਾਵਜੂਦ ਵੱਧ ਤੋਂ ਵੱਧ ਤਾਪਮਾਨ ਤੇ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਕਾਰਨ ਧੁੱਪ ਦੇ ਨਾਲ ਚੱਲੀਆਂ ਠੰਢੀਆਂ ਹਵਾਵਾਂ ਸਨ। ਖਾਸ ਕਰ ਕੇ ਤੜਕੇ ਤੇ ਦਿਨ ਬੀਤਣ ਤੋਂ ਬਾਅਦ ਸੀਤ ਲਹਿਰ ਕਾਰਨ ਲੋਕਾਂ ਨੇ ਫਰਵਰੀ ਜਿਹੀ ਠਾਰ ਵੀ ਮਹਿਸੂਸ ਕੀਤੀ। ਇਹੀ ਕਾਰਨ ਰਿਹਾ ਕਿ ਮੰਗਲਵਾਰ ਨੂੰ ਲੋਕ ਇਕ ਵਾਰ ਫਿਰ ਤੋਂ ਸਵੈਟਰ ਤੇ ਜੈਕਟਾਂ 'ਚ ਨਜ਼ਰ ਆਏ। ਉਧਰ, ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਦੋ ਦਿਨਾਂ ਤੋਂ ਬਾਅਦ ਮੁੜ ਤੋਂ ਮੌਸਮ ਦਾ ਮਿਜਾਜ਼ ਬਦਲ ਜਾਵੇਗਾ। ਇਸ ਤਹਿਤ ਅਸਮਾਨ 'ਚ ਬੱਦਲ ਛਾਏ ਰਹਿਣ ਤੇ ਬਾਰਿਸ਼ ਦੀ ਸੰਭਾਵਨਾ ਹੈ। ਹਫਤੇ ਦੇ ਪਹਿਲੇ ਦਿਨ ਹੋਈ ਬਾਰਿਸ਼ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਦੀ ਦਰ 26.1 ਤੇ ਘੱਟੋ-ਘੱਟ ਤਾਪਮਾਨ 16.1 ਡਿਗਰੀ ਸੈਲਸੀਅਸ ਦਰਜ ਕੀਤੀ ਗਈ ਸੀ। ਉਥੇ, ਮੰਗਲਵਾਰ ਨੂੰ ਚੱਲੀ ਸੀਤ ਲਹਿਰ ਦੇ ਚੱਲਦੇ ਘੱਟੋ-ਘੱਟ ਤਾਪਮਾਨ ਡਿੱਗ ਕੇ 25.1 ਰਹਿ ਗਿਆ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਵੀ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਠੰਢ ਦਾ ਅਸਰ ਲੋਕਾਂ ਦੇ ਜਨਜੀਵਨ 'ਤੇ ਵੀ ਪਿਆ। ਲੋਕ ਮੁੜ ਗਰਮ ਕੱਪੜਿਆਂ 'ਚ ਦਿਸੇ। ਮੌਸਮ ਮਾਹਿਰ ਡਾ. ਵਿਨੀਤ ਸ਼ਰਮਾ ਦੱਸਦੇ ਹਨ ਕਿ ਪਹਾੜੀ ਇਲਾਕਿਆਂ 'ਚ ਇਨ੍ਹੀਂ ਦਿਨੀਂ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਤੇ ਪੈ ਰਿਹਾ ਹੈ। ਪੱਛਮੀ ਗੜਬੜੀ ਕਾਰਨ 24 ਮਾਰਚ ਨੂੰ ਮੁੜ ਕਰਵਟ ਲਵੇਗਾ। ਇਸ ਤਹਿਤ ਅਸਮਾਨ 'ਚ ਬੱਦਲ ਛਾਏ ਰਹਿਣ ਤੇ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਹੋ ਜਾਵੇਗੀ। ਲਿਹਾਜਾ, ਆਉਣ ਵਾਲੇ 24 ਘੰਟਿਆਂ ਦੌਰਾਨ ਧੁੱਪ ਖਿੜੀ ਰਹੇਗੀ।