ਅਮਰਜੀਤ ਸਿੰਘ ਵੇਹਗਲ, ਜਲੰਧਰ : ਜੱਦੋ ਜਹਿਦ ਤੋਂ ਬਾਅਦ ਯੂਕਰੇਨ ਤੋਂ ਜਲੰਧਰ ਪੁੱਜੀ ਵਿਦਿਆਰਥਣ ਵੰਦਨਾ ਪੁੱਤਰੀ ਅਮਰੀਕ ਕੁਮਾਰ ਦਾ ਜਲੰਧਰ ਦੇ ਪਿੰਡ ਰਾਏਪੁਰ ਰਸੂਲਪੁਰ 'ਚ ਪੁੱਜਣ 'ਤੇ ਦੇਰ ਰਾਤ ਪਿੰਡ ਵਾਸੀਆਂ ਨੇ ਬੈਂਡ ਵਾਜਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ। ਭਾਵੁਕ ਹੋਈ ਮਾਂ ਸੁਰਿੰਦਰ ਕੌਰ ਨੇ ਆਪਣੀ ਪੁੱਤਰੀ ਨੂੰ ਗਲਵੱਕੜੀ 'ਚ ਲੈ ਕੇ ਆਸ਼ੀਰਵਾਦ ਦਿੱਤਾ। ਚਾਰ ਦਿਨਾਂ ਤੋਂ ਖੱਜਲ ਖੁਆਰ ਹੋ ਕੇ ਜਲੰਧਰ ਪੁੱਜੀ ਵਿਦਿਆਰਥਣ ਨੇ ਦੱਸਿਆ ਕਿ ਲੜਾਈ ਲੱਗਣ ਤੋਂ ਇਕ ਦਿਨ ਪਹਿਲਾਂ ਖਾਰਕੀਵ ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਜਦ ਉਹ ਆਪਣੇ ਹੋਰ ਵਿਦਿਆਰਥੀਆਂ ਨਾਲ ਮੌਜੂਦ ਸੀ ਤਾਂ ਉਨ੍ਹਾਂ ਨੇ ਆਪਣੇ ਅਧਿਆਪਕ ਕੋਲੋਂ ਜਾਣਕਾਰੀ ਲਈ ਕਿ ਉਹ ਲੜਾਈ ਦੇ ਹਾਲਾਤ ਕਰ ਕੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਹਨ। ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਵਾ ਦਿੱਤੀ ਜਾਵੇ ਤਾਂ ਉਸ ਸਮੇਂ ਉਸ ਅਧਿਆਪਕ ਨੇ ਉਨ੍ਹਾਂ ਨੂੰ ਡਾਂਟ ਕੇ ਕਿਹਾ ਕਿ ਚੁੱਪ ਕਰ ਕੇ ਕਾਲਜ ਵਿਚ ਪੜ੍ਹਾਈ ਕਰਨ ਆਓ, ਇੱਥੇ ਕੋਈ ਲੜਾਈ ਨਹੀਂ ਹੋਵੇਗੀ। ਕਿਉਂਕਿ 14 ਸਾਲ ਪਹਿਲਾਂ ਵੀ ਇੱਥੇ ਇਸੇ ਤਰ੍ਹਾਂ ਦਾ ਮਾਹੌਲ ਪੈਦਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿੱਥੇ ਉਸ ਨੂੰ ਆਪਣੇ ਵਤਨ ਪਰਤਣ 'ਤੇ ਖੁਸ਼ੀ ਹੋਈ ਹੈ ਉੱਥੇ ਹੀ ਜ਼ਿੰਦਗੀ ਦਾ ਬਹੁਤ ਵੱਡਾ ਦੁਖਾਂਤ ਇਹ ਮਿਲਿਆ ਕਿ ਉਸ ਨੇ ਆਪਣੀ ਉਮੀਦ ਮੁਤਾਬਕ ਜੋ ਐੱਮਬੀਬੀਐੱਸ ਦੀ ਪੜ੍ਹਾਈ ਕਰ ਕੇ ਮਨੁੱਖਤਾ ਦੀ ਸੇਵਾ ਕਰਨੀ ਸੀ, ਉਸ ਨੂੰ ਚੌਥੇ ਸਾਲ 'ਚ ਵਿਚਾਲੇ ਹੀ ਛੱਡਣਾ ਪਿਆ। ਭਾਵੁਕ ਹੋਈ ਵਿਦਿਆਰਥਣ ਨੇ ਦੱਸਿਆ ਕਿ ਯੂਕਰੇਨ ਦੇ ਖ਼ਾਰਕੀਵ ਸ਼ਹਿਰ ਵਿਚ ਉਨ੍ਹਾਂ ਨੂੰ ਭੁੱਖੇ ਪਿਆਸੇ ਹੀ ਰਹਿਣਾ ਪਿਆ। ਪੁਲਿਸ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਨਾਲ ਕੁੱਟਮਾਰ ਵੀ ਕਰਦੀ ਸੀ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਆਪਣੇ ਵਤਨ ਪਰਤਣਾ ਸੀ ਤਾਂ ਉਸ ਤੋਂ ਇਕ ਦਿਨ ਪਹਿਲਾਂ ਖਾਰਕੀਵ 'ਚ ਬੰਬ ਬਾਰੀ ਹੋਈ, ਜਿਸ ਨਾਲ ਇਕ ਭਾਰਤੀ ਵਿਦਿਆਰਥੀ ਨੂੰ ਮਰਦਿਆਂ ਉਨ੍ਹਾਂ ਨੇ ਆਪਣੇ ਅੱਖੀਂ ਦੇਖਿਆ। ਉਸ ਦਿ੍ਸ਼ ਨੂੰ ਆਪਣੀ ਜ਼ਿੰਦਗੀ 'ਚ ਕਦੇ ਵੀ ਭੁੱਲ ਨਹੀਂ ਸਕੇਗੀ। ਉਨ੍ਹਾਂ ਨੇ ਲਗਾਤਾਰ ਚੌਵੀ ਘੰਟੇ ਰੇਲਵੇ ਸਟੇਸ਼ਨ 'ਤੇ ਖੜ੍ਹੇ ਹੋ ਕੇ ਰੇਲ ਦੀ ਉਡੀਕ ਕੀਤੀ। ਜਦ ਕਿ ਪਹਿਲਾਂ ਹੀ ਕਈ ਘੰਟੇ ਪੈਦਲ ਰਸਤੇ ਚੱਲ ਕੇ ਰੇਲਵੇ ਸਟੇਸ਼ਨ 'ਤੇ ਪੁੱਜੇ ਸਨ। ਰੇਲ ਦਾ ਸਫ਼ਰ ਤੈਅ ਕਰਨ ਉਪਰੰਤ ਉਨ੍ਹਾਂ ਵੱਲੋਂ ਆਪਣੇ ਤੌਰ 'ਤੇ ਨਿੱਜੀ ਬੱਸ ਦੀ ਸਹਾਇਤਾ ਲੈ ਕੇ ਉਹ ਹਵਾਈ ਅੱਡੇ 'ਤੇ ਪੁੱਜੇ ਤੇ ਹਵਾਈ ਜਹਾਜ਼ ਰਾਹੀਂ ਦਿੱਲੀ ਪੁੱਜੇ। ਉਨਾਂ੍ਹ ਦੱਸਿਆ ਕਿ ਅਜੇ ਵੀ ਬਹੁਤਾਤ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ।