ਸੀਨੀਅਰ ਸਟਾਫ ਰਿਪੋਰਟਰ, ਜਲੰਧਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡੀਏਵੀ ਕਾਲਜ ਦੇ ਮੈਦਾਨ 'ਚ ਅੰਤਰ-ਕਾਲਜ ਫੁੱਟਬਾਲ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ 'ਚ 6 ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਖਿਡਾਰੀਆਂ ਨੇ ਮੈਚਾਂ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਦਾ ਉਦਘਾਟਨ ਡੀਏਵੀ ਕਾਲਜ ਦੇ ਪਿੰ੍ਸੀਪਲ ਡਾ. ਰਾਜੇਸ਼ ਕੁਮਾਰ, ਵਿਭਾਗ ਮੁਖੀ ਡਾ. ਮਨੂ ਸੂਦ, ਕੋਚ ਪ੍ਰਦੀਪ ਕੁਮਾਰ ਤੇ ਕੌਮਾਂਤਰੀ ਖਿਡਾਰੀ ਧਨਵੰਤ ਕੁਮਾਰ ਨੇ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪੇ੍ਰਿਤ ਕੀਤਾ। ਪਹਿਲਾ ਮੈਚ ਖਾਲਸਾ ਕਾਲਜ ਅੰਮਿ੍ਤਸਰ ਤੇ ਖਾਲਸਾ ਕਾਲਜ ਬੰਗਾ ਵਿਚਾਲੇ ਖੇਡਿਆ ਗਿਆ। ਦੋਵਾਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਦੋਵੇਂ ਹੀ ਟੀਮਾਂ ਗੋਲ ਨਾ ਕਰ ਸਕੀਆਂ ਤੇ ਮੈਚ ਡਰਾਅ ਰਿਹਾ। ਦੂਜਾ ਮੈਚ ਡੀਏਵੀ ਕਾਲਜ ਜਲੰਧਰ ਤੇ ਡੀਏਵੀ ਕਾਲਜ ਫਗਵਾੜਾ ਵਿਚਾਲੇ ਖੇਡਿਆ ਗਿਆ। ਫਗਵਾੜਾ ਨੇ ਜਲੰਧਰ ਨੂੰ 3-1 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਤੀਜਾ ਮੈਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੇ ਗੁਰੂ ਨਾਨਕ ਕਾਲਜ ਫਗਵਾੜਾ ਵਿਚਾਲੇ ਖੇਡਿਆ ਗਿਆ। ਫਗਵਾੜਾ ਨੇ 3-1 ਨਾਲ ਜਿੱਤ ਦਰਜ ਕੀਤੀ। ਡਾ. ਮਨੂ ਸੂਦ ਨੇ ਦੱਸਿਆ ਕਿ ਟੀਮਾਂ ਦੇ ਖਿਡਾਰੀਆਂ ਨੇ ਮੈਚਾਂ ਦੌਰਾਨ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।