ਰਾਕੇਸ਼ ਗਾਂਧੀ ਜਲੰਧਰ : ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਿਸ ਨੇ ਗਸ਼ਤ ਦੌਰਾਨ ਉਸ ਵੇਲੇ ਇੱਕ ਨੌਜਵਾਨ ਨੂੰ ਭਾਰੀ ਅਫੀਮ ਦੀ ਖੇਪ ਸਮੇਤ ਕਾਬੂ ਕੀਤਾ ਜਦ ਉਹ ਯੂਪੀ ਤੋਂ ਅਫੀਮ ਦੀ ਸਪਲਾਈ ਦੇਣ ਲਈ ਸ਼ਹਿਰ ਵਿਚ ਆਇਆ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਇਨਵੈਸਟੀਗੇਸ਼ਨ ਗੁਰਬਾਜ ਸਿੰਘ ਨੇ ਦੱਸਿਆ ਕਿ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਖੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਗੁਰੂ ਗੋਬਿੰਦ ਸਿੰਘ ਐਵੀਨਿਊ ਵਿਚ ਪੁਲੀਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇੱਕ ਨੌਜਵਾਨ ਜਿਸ ਦੇ ਮੋਢੇ 'ਤੇ ਇੱਕ ਕਾਲੇ ਰੰਗ ਦਾ ਬੈਗ ਹੈ ਤੇ ਸੂਰਿਆ ਐਨਕਲੇਵ ਕੋਲ ਸਥਿਤ ਇੱਕ ਖਾਲੀ ਪਲਾਟ ਦੇ ਲਾਗੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ। ਸ਼ੱਕ ਹੈ ਕਿ ਉਸ ਕੋਲ ਕੋਈ ਨਸ਼ੀਲਾ ਪਦਾਰਥ ਹੈ। ਜਿਸ 'ਤੇ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਇਸਦੀ ਸੂਚਨਾ ਏਸੀਪੀ ਕ੍ਰਾਈਮ ਨਿਰਮਲ ਸਿੰਘ ਨੂੰ ਦਿੱਤੀ ਜੋ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਜਦ ਉਸ ਨੌਜਵਾਨ ਦੇ ਮੋਢੇ 'ਤੇ ਟੰਗੇ ਹੋਏ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਪੁਲਿਸ ਨੂੰ 2 ਕਿੱਲੋ 510 ਗਰਾਮ ਅਫੀਮ ਬਰਾਮਦ ਹੋਈ। ਜਿਸ ਬਾਰੇ ਉਹ ਨੌਜਵਾਨ ਕੋਈ ਢੁੱਕਵਾਂ ਜਵਾਬ ਨਹੀਂ ਦੇ ਸਕਿਆ ਜਿਸ 'ਤੇ ਉਸ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਫੜੇ ਗਏ ਮੁਲਜ਼ਮ ਜਿਸ ਦੀ ਪਹਿਚਾਣ ਵਿਸ਼ਾਲ ਗੁਪਤਾ ਵਾਸੀ ਪਿੰਡ ਰਾਮਪੁਰ ਉੱਤਰ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ, ਖਿਲਾਫ ਥਾਣਾ ਰਾਮਾ ਮੰਡੀ ਵਿਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏਡੀਸੀਪੀ ਗੁਰਬਾਜ਼ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਇਹੀ ਗੱਲ ਸਾਹਮਣੇ ਆਈ ਹੈ ਕਿ ਵਿਸ਼ਾਲ ਗੁਪਤਾ ਮਜ਼ਦੂਰੀ ਕਰਦਾ ਹੈ ਅਤੇ ਇਸ ਦੇ ਨਾਲ ਨਾਲ ਹੀ ਉਹ ਨਸ਼ੇ ਦੀ ਖੇਪ ਨੂੰ ਸਪਲਾਈ ਕਰਕੇ ਵੀ ਮੋਟੀ ਕਮਿਸ਼ਨ ਕਮਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚੋਂ ਪੁਲਿਸ ਰਿਮਾਂਡ 'ਤੇ ਲੈ ਕੇ ਇਸ ਦੇ ਨੈੱਟਵਰਕ ਨੂੰ ਬਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।