ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ ਪੰਜ ਦੀ ਪੁਲਿਸ ਨੇ ਉਜਾਲਾ ਨਗਰ ਵਿਚੋਂ ਇਕ ਨੌਜਵਾਨ ਦਾ ਮੋਬਾਈਲ ਅਤੇ ਚਾਂਦੀ ਦੀ ਚੇਨ ਖੋਹ ਕੇ ਭੱਜੇ ਦੋ ਖੋਹਬਾਜ਼ਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਮੋਬਾਈਲ ਅਤੇ ਚੇਨ ਬਰਾਮਦ ਕਰ ਲਈ ਹੈ।
ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਬਜੀਤ ਸਿੰਘ ਉਰਫ ਸਾਹਿਲ ਵਾਸੀ ਪਿੰਡ ਮਾਜਰੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਉਜਾਲਾ ਨਗਰ ਵਿਚ ਇਕ ਧਾਰਮਿਕ ਸਥਾਨ 'ਤੇ ਸੇਵਾ ਕਰਨ ਲਈ ਆਇਆ ਸੀ। ਬੁੱਧਵਾਰ ਰਾਤ ਉਹ ਉਜਾਲਾ ਨਗਰ ਤੋਂ ਦਸਮੇਸ਼ ਨਗਰ ਵਾਲੀ ਸਾਈਡ 'ਤੇ ਸੈਰ ਕਰ ਰਿਹਾ ਸੀ ਕਿ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ ਨੇ ਉਸ ਦੇ ਗਲੇ ਵਿਚੋਂ ਚਾਂਦੀ ਦੀ ਚੇਨ ਝਪਟ ਲਈ ਤੇ ਜੇਬ ਵਿਚੋਂ ਮੋਬਾਈਲ ਕੱਢ ਲਿਆ। ਉਪਰੰਤ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਹੀ ਉਹ ਮੌਕੇ 'ਤੇ ਪਹੁੰਚੇ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿਚ ਲੁਟੇਰਿਆਂ ਦੇ ਮੋਟਰਸਾਈਕਲ ਦਾ ਨੰਬਰ ਕੈਦ ਹੋ ਚੁੱਕਿਆ ਸੀ। ਪੁਲਿਸ ਵੱਲੋਂ ਸੁਮਿਤ ਉਰਫ ਸ਼ੈਂਟੀ ਵਾਸੀ ਕੋਟ ਸਦੀਕ ਅਤੇ ਚੰਦਰਕਾਂਤ ਉਰਫ ਆਸ਼ੂ ਵਾਸੀ ਨਿਊ ਅਮਰ ਨਗਰ ਨੂੰ ਇਸ ਮਾਮਲੇ ਵਿਚ ਗਿ੍ਫ਼ਤਾਰ ਕਰ ਕੇ ਮੋਬਾਈਲ ਅਤੇ ਚੇਨ ਬਰਾਮਦ ਕਰ ਲਈ ਗਈ। ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।