ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ: ਸੇਵਾ ਕੇਂਦਰ ਸ਼ਾਹਕੋਟ ਦੇ ਮੁਲਾਜ਼ਮਾਂ ਨੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਵੱਲੋਂ ਤਸਦੀਕ ਕੀਤੇ ਫ਼ਾਰਮਾਂ ਨੂੰ ਲੈਣ ਤੋਂ ਇਨਕਾਰ ਕਰ ਕੇ ਵਿਧਵਾ ਪੈਨਸ਼ਨ ਲਗਵਾਉਣ ਲਈ ਫਾਰਮ ਭਰਨ ਆਈ ਇਕ ਅੌਰਤ ਨੂੰ ਖ਼ੱਜਲ-ਖ਼ੁਆਰ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਰੇਨੂੰ ਬੇਰੀ ਪਤਨੀ ਸਵ: ਗਗਨ ਬੇਰੀ ਵਾਸੀ ਭੀੜਾ ਬਾਜ਼ਾਰ ਸ਼ਾਹਕੋਟ ਨੇ ਦੱਸਿਆ ਕਿ ਉਹ ਵਿਧਵਾ ਪੈਨਸ਼ਨ ਲਗਵਾਉਣ ਲਈ ਸੇਵਾ ਕੇਂਦਰ ਸ਼ਾਹਕੋਟ ਵਿਖੇ ਆਏ ਸਨ। ਮੁਲਾਜ਼ਮਾਂ ਨੇ ਉਨ੍ਹਾਂ ਦੇ ਆਧਾਰ ਕਾਰਡ 'ਤੇ ਪਤੀ ਦਾ ਨਾਂ ਠੀਕ ਕਰਵਾ ਕੇ ਆਧਾਰ ਕਾਰਡ ਅਪਡੇਟ ਕਰਵਾਉਣ ਲਈ ਕਿਹਾ। ਆਧਾਰ ਕਾਰਡ ਅਪਡੇਟ ਕਰਵਾਉਣ ਲਈ ਫ਼ਾਰਮ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਕੋਲੋਂ ਤਸਦੀਕ ਕਰਵਾ ਕੇ ਜਦੋਂ ਸੇਵਾ ਕੇਂਦਰ ਵਿਖੇ ਜਮ੍ਹਾਂ ਕਰਵਾਉਣ ਲਈ ਆਏ ਤਾਂ ਮੁਲਾਜ਼ਮਾਂ ਨੇ ਫ਼ਾਰਮ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਨਗਰ ਪੰਚਾਇਤ ਦੇ ਪ੍ਰਧਾਨ ਵੱਲੋਂ ਤਸਦੀਕ ਕੀਤਾ ਫ਼ਾਰਮ ਨਹੀਂ ਲੈ ਸਕਦੇ। ਕਿਸੇ ਐੱਮਸੀ ਵੱਲੋਂ ਤਸਦੀਕ ਕੀਤਾ ਫਾਰਮ ਹੀ ਚੱਲੇਗਾ। ਜਦੋਂ ਰੇਨੂੰ ਬੇਰੀ ਨੇ ਇਸ ਸਬੰਧੀ ਸੂਚਨਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਨੂੰ ਦਿੱਤੀ ਤਾਂ ਉਹ ਆਪਣੇ ਸਾਥੀਆਂ ਬੂਟਾ ਸਿੰਘ ਕਲਸੀ ਤੇ ਵਾਰਡ ਨੰਬਰ 5 ਦੇ ਐੱਮਸੀ ਰਾਣੀ ਢੇਸੀ ਦੇ ਪਤੀ ਸੁੱਖਾ ਢੇਸੀ ਨਾਲ ਸੇਵਾ ਕੇਂਦਰ ਪੁੱਜੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਸਤੀਸ਼ ਰਿਹਾਨ ਨੇ ਕਿਹਾ ਕਿ ਰੇਨੂੰ ਬੇਰੀ ਉਨ੍ਹਾਂ ਦੇ ਵਾਰਡ ਦੇ ਵਸਨੀਕ ਹਨ, ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਵਿਧਵਾ ਪੈਨਸ਼ਨ ਲਗਵਾਉਣ ਲਈ ਸੇਵਾ ਕੇਂਦਰ ਦੇ ਗੇੜੇ ਮਾਰ ਰਹੇ ਹਨ ਤੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਇਕ ਵਿਧਵਾ ਅੌਰਤ ਨੂੰ ਖ਼ੱਜਲ-ਖ਼ੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਨੂੰ ਬੇਰੀ ਨੇ ਉਨ੍ਹਾਂ ਕੋਲੋਂ ਮੋਹਰ ਲਗਵਾ ਕੇ ਕਾਗਜ਼ ਤਸਦੀਕ ਕਰਵਾਏ ਪਰ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਕਿਹਾ ਕਿ ਸਾਨੂੰ ਨਗਰ ਪੰਚਾਇਤ ਦੇ ਪ੍ਰਧਾਨ ਦੀ ਮੋਹਰ ਨਹੀਂ ਚਾਹੀਦੀ, ਐੱਮਸੀ ਦੀ ਮੋਹਰ ਚਾਹੀਦੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਇਸ ਗੱਲ ਦਾ ਹੀ ਨਹੀਂ ਪਤਾ ਕਿ ਐੱਮਸੀ ਦੇ ਦੋ ਤਿਹਾਈ ਬਹੁਮਤ ਨਾਲ ਹੀ ਨਗਰ ਪੰਚਾਇਤ ਦਾ ਪ੍ਰਧਾਨ ਚੁਣਿਆ ਜਾਂਦਾ ਹੈ ਤੇ ਉਹ ਵੀ ਇਕ ਐੱਮਸੀ ਹੀ ਹੁੰਦਾ ਹੈ। ਪ੍ਰਧਾਨ ਸਤੀਸ਼ ਰਿਹਾਨ ਨੇ ਕਿਹਾ ਕਿ ਸੇਵਾ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਜਾਣਬੁੱਝ ਕੇ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਸੇਵਾ ਕੇਂਦਰ 'ਚ ਭਿ੍ਸ਼ਟਾਚਾਰ ਦਾ ਬੋਲਬਾਲਾ ਹੈ ਤੇ ਬਿਨਾਂ ਪੈਸੇ ਤੋਂ ਸੇਵਾ ਕੇਂਦਰ 'ਚ ਲੋਕਾਂ ਦੇ ਕੰਮ ਹੀ ਨਹੀਂ ਹੁੰਦੇ। ਉਨ੍ਹਾਂ ਡਿਪਟੀ ਕਮਿਸ਼ਨਰ ਜਲੰਧਰ ਜਸਪ੍ਰਰੀਤ ਸਿੰਘ ਕੋਲੋਂ ਮੰਗ ਕੀਤੀ ਕਿ ਮੁਲਾਜ਼ਮਾਂ ਖਿਲਾਫ ਜਾਂਚ ਹੋਣੀ ਚਾਹੀਦੀ ਹੈ।
---
ਗਾਈਡਲਾਈਨਜ਼ ਅਨੁਸਾਰ ਫ਼ਾਰਮ 'ਤੇ ਐੱਮਸੀ ਦੀ ਮੋਹਰ ਹੋਣੀ ਚਾਹੀਦੀ : ਮੁਲਾਜ਼ਮ
ਇਸ ਸਬੰਧੀ ਸੇਵਾ ਕੇਂਦਰ ਦੇ ਮੁਲਾਜ਼ਮ ਮਨਦੀਪ ਸਿੰਘ ਨੇ ਕਿਹਾ ਕਿ ਰੇਨੂੰ ਬੇਰੀ ਵੱਲੋਂ ਆਧਾਰ ਕਾਰਡ ਦੇ ਫਾਰਮ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਕੋਲੋਂ ਤਸਦੀਕ ਕਰਵਾਇਆ ਗਿਆ ਹੈ। ਗਾਈਡਲਾਈਨਜ਼ ਅਨੁਸਾਰ ਫ਼ਾਰਮ 'ਤੇ ਐੱਮਸੀ ਦੀ ਮੋਹਰ ਹੋਣੀ ਚਾਹੀਦੀ ਹੈ, ਨਗਰ ਪੰਚਾਇਤ ਦੇ ਪ੍ਰਧਾਨ ਦੀ ਨਹੀਂ। ਉਨ੍ਹਾਂ ਕਿਹਾ ਕਿ ਜੋ ਸਾਨੂੰ ਵੇਰਵਾ ਦਿੱਤਾ ਗਿਆ ਹੈ, ਉਸ 'ਚ ਐੱਮਸੀ ਹੀ ਕਾਗਜ਼ ਤਸਦੀਕ ਕਰ ਸਕਦਾ ਹੈ।