ਪੰਜਾਬੀ ਜਾਗਰਣ ਕੇਂਦਰ, ਜਲੰਧਰ : ਪੰਜਾਬ ਪ੍ਰਰੈਸ ਕਲੱਬ ਵੱਲੋਂ ਸ਼ਨਿਚਰਵਾਰ ਆਰਐੱਨ ਸਿੰਘ ਦੀ ਯਾਦ ਵਿਚ ਸੈਮੀਨਾਰ ਕਰਵਾਇਆ ਗਿਆ। ਇਸ ਦਾ ਵਿਸ਼ਾ 'ਪੰਜਾਬ ਸਮੱਸਿਆਵਾਂ ਤੇ ਸੰਭਾਵਨਾਵਾਂ' ਸੀ। ਇਸ ਸੈਮੀਨਾਰ ਦੇ ਮੁੱਖ ਬੁਲਾਰੇ ਰਿਟਾਇਰਡ ਪਿੰ੍ਸੀਪਲ ਡਾ. ਬਿਕਰਮ ਸਿੰਘ ਵਿਰਕ ਸਨ। ਇਸ ਮੌਕੇ ਉਨ੍ਹਾਂ ਪੰਜਾਬ ਦੇ ਵਿੱਤੀ ਹਾਲਾਤ 'ਤੇ ਤੱਥਾਂ ਤੇ ਅੰਕੜਿਆਂ ਦੀ ਰੋਸ਼ਨੀ 'ਚ ਚਰਚਾ ਕਰਦਿਆਂ ਡੂੰਘਾਈ ਨਾਲ ਪਿਛਲੇ 25 ਸਾਲਾਂ ਤੋਂ ਸੂਬੇ ਸਿਰ ਚੜ੍ਹੇ ਕਰਜ਼ੇ 'ਤੇ ਝਾਤ ਪਾਈ। ਉਨ੍ਹਾਂ ਵਿਸਥਾਰ ਸਹਿਤ ਪਿਛਲੀਆਂ ਪੰਜ ਸਰਕਾਰਾਂ ਨੇ ਕਿਵੇਂ ਪੰਜਾਬ ਦਾ ਵਾਲ ਵਾਲ ਕਰਜ਼ਾਈ ਕੀਤਾ ਤੇ ਲੋਕ ਲੁਭਾਵਣੀਆਂ ਨੀਤੀਆਂ ਨਾਲ ਲੋਕਾਂ ਨੂੰ ਮੁਫ਼ਤਖੋਰੀ ਦੇ ਆਦੀ ਬਣਾਇਆ, ਬਾਰੇ ਚਰਚਾ ਕੀਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਅੱਜ ਵੀ ਖੇਤੀ ਪ੍ਰਧਾਨ ਸੂਬਾ ਹੈ ਪਰ ਖੇਤੀ ਕੁਝ ਗ਼ਲਤ ਨੀਤੀਆਂ ਕਾਰਨ ਲਾਹੇਵੰਦ ਧੰਦਾ ਸਾਬਤ ਨਹੀਂ ਹੋ ਰਹੀ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਹਨ ਉਨ੍ਹਾਂ 'ਤੇ ਕਾਬੂ ਪਾਉਣ ਲਈ ਸਭ ਤੋਂ ਜ਼ਰੂਰੀ ਹੈ ਪੰਜਾਬ ਵਿਚੋਂ ਮੁਫ਼ਤਖੋਰੀ ਭਾਵ, ਬਿਜਲੀ, ਦਾਲ ਆਟਾ, ਪਾਣੀ ਆਦਿ ਮੁਫ਼ਤ ਦੇਣ ਦਾ ਸਿਲਸਿਲਾ ਖ਼ਤਮ ਕੀਤਾ ਜਾਏ। ਬੇਹੱਦ ਗ਼ਰੀਬ ਭਾਵੇਂ ਉਹ ਕਿਸੇ ਵੀ ਸ਼ੇ੍ਣੀ ਦੇ ਹੋਣ, ਲਈ ਹੀ ਇਹ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸੂਬੇ 'ਚ ਅਜਿਹੀ ਸਨਅਤ ਲੈ ਕੇ ਆਉਣ ਦੀ ਲੋੜ ਹੈ, ਜੋ ਖੇਤੀ ਨਾਲ ਸਬੰਧਤ ਹੋਵੇ। ਇਸ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਤੇ ਖੇਤੀ ਵੀ ਹੰਢਣਸਾਰ ਬਣੇਗੀ। ਪੰਜਾਬ 'ਚੋਂ ਨੌਜਵਾਨਾਂ ਦੇ ਪਲਾਇਨ 'ਤੇ ਵੀ ਠੱਲ੍ਹ ਪਵੇਗੀ। ਇਸ ਮੌਕੇ ਪੰਜਾਬ ਪ੍ਰਰੈੱਸ ਕਲੱਬ ਵੱਲੋਂ ਪਿਛਲੇ ਦਿਨੀਂ ਲਗਾਈ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਆਉਣ ਵਾਲਿਆਂ ਨੂੰ ਇਨਾਮ ਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।
ਪੋ੍. ਜਸਵੰਤ ਸਿੰਘ ਗੰਡਮ, ਡਾ. ਕਮਲੇਸ਼ ਦੁੱਗਲ, ਕੁਲਦੀਪ ਸਿੰਘ ਬੇਦੀ, ਸੰਗਤ ਰਾਮ, ਭੁਪਿੰਦਰ ਮੱਲ੍ਹੀ, ਡਾ. ਸਿਮਰਨ ਤੇ ਰਮੇਸ਼ ਚੰਦਰ ਨੇ ਵਿਸ਼ੇਸ਼ ਤੌਰ 'ਤੇ ਇਸ ਸੈਮੀਨਾਰ 'ਚ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਪੰਜਾਬ ਪ੍ਰਰੈੱਸ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਹੋਰ ਪੱਤਰਕਾਰਾਂ ਨੇ ਵੀ ਹਿੱਸਾ ਲਿਆ।