ਮਨਜੀਤ ਸ਼ੇਮਾਰੂ, ਜਲੰਧਰ : ਪੰਜਾਬੀ ਜਾਗਰਣ ਵੱਲੋਂ ਬਾਈਜੂਸ ਟਿਊਸ਼ਨ ਸੈਂਟਰ ਤੇ ਦਰਬਾਰ-ਏ-ਪੰਜਾਬ ਸੰਸਥਾ ਦੇ ਭਾਈ ਪਾਲ ਸਿੰਘ ਫਰਾਂਸ ਦੇ ਸਹਿਯੋਗ ਨਾਲ 'ਮਾਂ ਬੋਲੀ ਲਹਿਰ, ਪਿੰਡ-ਪਿੰਡ, ਸ਼ਹਿਰ-ਸ਼ਹਿਰ' ਤਹਿਤ ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ ਵੱਖ-ਵੱਖ ਉਮਰ ਵਰਗਾਂ 'ਚ ਮਾਂ ਬੋਲੀ 'ਚ ਲੇਖ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਮਾਂ ਬੋਲੀ ਪ੍ਰਤੀ ਆਪਣਾ ਉਤਸ਼ਾਹ ਦਿਖਾਉਂਦੇ ਹੋਏ ਲੇਖ ਮੁਕਾਬਲੇ 'ਚ ਭਾਗ ਲਿਆ। ਲੇਖ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਦਿਖਾਇਆ। ਲੇਖ ਮੁਕਾਬਲਿਆਂ ਨੂੰ ਤਿੰਨ ਗਰੁੱਪ ਵਿੱਚ ਵੰਡਿਆ ਗਿਆ। ਪਹਿਲੇ ਗਰੁੱਪ ਵਿੱਚ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀ, ਦੂਜੇ ਗਰੁੱਪ ਵਿੱਚ 9ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀ ਅਤੇ ਤੀਜੇ ਗਰੁੱਪ ਵਿੱਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿਚ ਕੁਲ 65 ਵਿਦਿਆਰਥੀਆਂ ਨੇ ਭਾਗ ਲਿਆ। 6ਵੀਂ ਤੋਂ 8ਵੀਂ ਤਕ ਦੇ ਵਿਦਿਆਰਥੀਆਂ ਨੂੰ 'ਮੋਬਾਈਲ ਦੀ ਵੱਧ ਰਹੀ ਵਰਤੋਂ', 9ਵੀਂ ਤੇ 10ਵੀਂ ਲਈ 'ਵੱਧ ਰਹੇ ਪ੍ਰਦੂਸ਼ਣ ਦੇ ਕਾਰਨ' ਤੇ 11ਵੀਂ ਤੇ 12ਵੀਂ ਲਈ 'ਮਾਂ ਬੋਲੀ ਦਾ ਮਹੱਤਵ' ਦੇ ਵਿਸ਼ੇ ਤੇ ਲੇਖ ਲਿਖਣ ਲਈ ਕਿਹਾ ਗਿਆ। ਵਿਦਿਆਰਥੀਆਂ ਨੂੰ ਇੱਕ ਘੰਟੇ ਦੇ ਸਮੇਂ ਵਿੱਚ 200 ਸ਼ਬਦਾਂ ਵਿਚ ਆਪਣਾ ਲੇਖ ਪੂਰਾ ਕਰਨ ਲਈ ਕਿਹਾ ਗਿਆ। ਵਿਦਿਆਰਥੀਆਂ ਨੇ ਰੁਚੀ ਦਿਖਾਉਂਦੇ ਹੋਏ ਮਿੱਥੇ ਸਮੇਂ 'ਚ ਆਪਣਾ ਲੇਖ ਪੂਰਾ ਕੀਤਾ। ਸਕੂਲ ਦੀ ਵਾਇਸ ਪਿੰ੍ਸੀਪਲ ਨੀਤੂ ਗੁਪਤਾ ਨੇ ਕਿਹਾ ਕਿ 'ਪੰਜਾਬੀ ਜਾਗਰਣ' ਵਲੋਂ 'ਪੰਜਾਬੀ ਮਾਂ- ਬੋਲੀ ਲਹਿਰ, ਪਿੰਡ-ਪਿੰਡ ਸ਼ਹਿਰ ਸ਼ਹਿਰ' ਲੇਖ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬੀ ਸਾਡੀ ਮਾਂ-ਬੋਲੀ ਹੈ ਤੇ ਸਾਨੂੰ ਮਾਂ-ਬੋਲੀ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਹਰ ਵਿਅਕਤੀ ਆਪਣੇ ਮਨ ਦੇ ਭਾਵ ਆਸਾਨੀ ਨਾਲ ਆਪਣੀ ਮਾਂ-ਬੋਲੀ ਵਿੱਚ ਹੀ ਪ੍ਰਗਟ ਕਰ ਸਕਦਾ ਹੈ। ਵਿਦਿਆਰਥੀਆਂ ਵਿੱਚ ਵੀ ਆਪਣੀ ਮਾਂ -ਬੋਲੀ ਪ੍ਰਤੀ ਸ਼ਰਧਾ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀ ਮਾਤ ਭਾਸ਼ਾ ਦੇ ਮਹੱਤਵ ਨੂੰ ਪਛਾਣੀਏ। ਮਾਂ-ਬਾਪ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਦੀ ਸਿੱਖਿਆ ਜ਼ਰੂਰ ਦੇਣ ਤੇ ਸਰਕਾਰ ਵੀ ਮਾਤ ਭਾਸ਼ਾ ਨੂੰ ਬਣਦਾ ਸਤਿਕਾਰ ਦਿਵਾਉਣ ਵਿੱਚ ਭੂਮਿਕਾ ਨਿਭਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਜਾਗਰਣ ਦੇ ਇਸ ਉਪਰਾਲੇ ਨਾਲ ਮਾਂ ਬੋਲੀ ਨਾਲ ਜੁੜੇ ਰਹਿਣ ਲਈ ਬੜਾ ਉਤਸ਼ਾਹ ਮਿਲਿਆ। ਅਜਿਹੇ ਉਪਰਾਲੇ ਲਗਾਤਾਰ ਹੋਣਾ ਚਾਹੀਦੇ ਹਨ। ਅੰਤ ਵਿੱਚ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅੰਦਰ ਛੁਪੀ ਪ੍ਰਤਿਭਾ ਨੂੰ ਇਨ੍ਹਾਂ ਲੇਖ ਮੁਕਾਬਲਿਆਂ ਜ਼ਰੀਏ ਉਜਾਗਰ ਕਰਨ ਲਈ ਪੇ੍ਰਿਤ ਕੀਤਾ। ਵਾਇਸ ਪਿੰ੍ਸੀਪਲ ਨੀਤੂ ਗੁਪਤਾ ਨੇ ਦੱਸਿਆ ਕਿ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਬੜਾ ਉਤਸ਼ਾਹ ਦਿਖਾਇਆ ਅਤੇ ਇਸ ਤਰ੍ਹਾਂ ਦੇ ਮੁਕਾਬਲੇ ਵਾਰ-ਵਾਰ ਹੋਣੇ ਚਾਹੀਦੇ ਹਨ। ਉਨ੍ਹਾਂ ਪੰਜਾਬੀ ਜਾਗਰਣ ਅਦਾਰੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਬੜੇ ਚਿਰ ਤੋਂ ਲੋੜੀਂਦਾ ਸੀ ਤਾਂ ਜੋ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਨਾਲ ਜੁੜੀ ਰਹੇ। ਉਨ੍ਹਾਂ ਇਸ ਉਪਰਾਲੇ ਲਈ ਪੰਜਾਬੀ ਜਾਗਰਣ ਅਦਾਰੇ ਦਾ ਦਿਲੋਂ ਧੰਨਵਾਦ ਕੀਤਾ। ਅਖੀਰ 'ਚ 'ਪੰਜਾਬੀ ਜਾਗਰਣ' ਦੇ ਪੱਤਰਕਾਰ ਮਨਜੀਤ ਸ਼ੇਮਾਰੂ, ਬਾਈਜੂਸ ਦੇ ਬ੍ਾਂਚ ਮੈਨੇਜਰ ਪ੍ਰਦੀਪ ਸੱਚਰ ਤੇ ਮਾਰਕੀਟਿੰਗ ਮੈਨੇਜਰ ਤਰੁਨਜੋਤ ਸਿੰਘ ਨੇ ਲੇਖ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਵੰਡੇ। ਲੇਖ ਮੁਕਾਬਲੇ ਕਰਵਾਉਣ 'ਚ ਸਕੂਲ ਦੇ ਅਧਿਆਪਕ ਗਗਨਦੀਪ ਕੌਰ ਤੇ ਪਰਮਜੀਤ ਕੌਰ ਨੇ ਅਹਿਮ ਯੋਗਦਾਨ ਪਾਇਆ।