ਜਤਿੰਦਰ ਪੰਮੀ, ਜਲੰਧਰ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸੋਮਵਾਰ ਨੂੰ ਆਪਣੇ ਜਲੰਧਰ ਦੌਰੇ ਦੌਰਾਨ ਵਿਸ਼ੇਸ਼ ਤੌਰ ’ਤੇ ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਤੇ ਕਾਂਗਰਸੀ ਸੰਸਦ ਮੈਂਬਰ ਡਾ. ਇਕਬਾਲ ਸਿੰਘ ਦੇ ਗ੍ਰਹਿ ਵਿਖੇ ਪੁੱਜੇ। ਰਾਜਪਾਲ ਦਾ ਸਾਬਕਾ ਕਾਂਗਰਸੀ ਸੰਸਦ ਮੈਂਬਰ ਦੇ ਘਰ ਜਾਣਾ ਸ਼ਹਿਰ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ।
ਹਾਲਾਂਕਿ ਡਾ. ਇਕਬਾਲ ਸਿੰਘ ਦੇ ਪੁੱਤਰ ਅਮਰਜੋਤ ਸਿੰਘ ਦਾ ਕਹਿਣਾ ਸੀ ਕਿ ਰਾਜਪਾਲ ਦਾ ਉਨ੍ਹਾਂ ਦੇ ਘਰ ਆਉਣ ਦਾ ਕਾਰਨ ਪੁਰਾਣੀ ਸਾਂਝ ਹੋਣਾ ਹੈ। ਉਨ੍ਹਾਂ ਦੱਸਿਆ ਕਿ ਲੰਬਾ ਸਮਾਂ ਚੱਲਦੀ ਰਹੀ ਇਸ ਪ੍ਰਭਾਵਸ਼ਾਲੀ ਪਰਿਵਾਰਕ ਮਿਲਣੀ ਦੌਰਾਨ ਉਕਤ ਸ਼ਖਸੀਅਤਾਂ ਵੱਲੋਂ ਇਕ-ਦੂਜੇ ਦਾ ਹਾਲ-ਚਾਲ ਜਾਣਦੇ ਹੋਏ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਡਾ. ਇਕਬਾਲ ਸਿੰਘ ਦੀ ਕੁਝ ਦਿਨ ਪਹਿਲਾਂ ਰਾਜਪਾਲ ਪੁਰੋਹਿਤ ਦੇ ਵਿਸ਼ੇਸ਼ ਸੱਦੇ ’ਤੇ ਉਨ੍ਹਾਂ ਨਾਲ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਨਿੱਘੀ ਮਿਲਣੀ ਵੀ ਹੋਈ ਸੀ।
ਓਧਰ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਬਨਵਾਰੀ ਲਾਲ ਪੁਰੋਹਿਤ ਲੰਬਾ ਸਮਾਂ ਕਾਂਗਰਸ ਪਾਰਟੀ ’ਚ ਅਤੇ ਪਾਰਲੀਮੈਂਟ ਵਿਚ ਰਹੇ ਅਤੇ ਇਸ ਦੌਰਾਨ ਕਈ ਸੰਸਦੀ ਕਮੇਟੀਆਂ ’ਚ ਵੀ ਇਕੱਠੇ ਰਹੇ ਸਨ। ਪੁਰੋਹਿਤ ਦੀ ਸ਼ਖਸੀਅਤ ਬਾਰੇ ਦੱਸਿਆ ਕਿ ਉਹ ਸਿਆਸਤਦਾਨ ਹੋਣ ਦੇ ਨਾਲ-ਨਾਲ ਸੈਂਟਰਲ ਇੰਡੀਆ ਦੇ ਸਭ ਤੋਂ ਪੁਰਾਣੇ ਤੇ ਵੱਡੀ ਗਿਣਤੀ ਵਿਚ ਛਪਦੇ ਅਖਬਾਰ ਦੇ ਮੈਨੇਜਿੰਗ ਐਡੀਟਰ ਵੀ ਰਹਿ ਚੁੱਕੇ ਹਨ।
ਪੁਰੋਹਿਤ ਜਦੋਂ ਅਸਾਮ ਦੇ ਗਵਰਨਰ ਸਨ, ਉਦੋਂ ਡਾ. ਇਕਬਾਲ ਸਿੰਘ ਕਾਂਗਰਸ ਪਾਰਟੀ ਵੱਲੋਂ ਅਸਾਮ ਵਿਚ ਪਾਰਟੀ ਗਤੀਵਿਧੀਆਂ ਦੇ ਇੰਚਾਰਜ ਵਜੋਂ ਸਰਗਰਮ ਸਨ। ਪੁਰੋਹਿਤ ਪੰਜਾਬ ਆਉਣ ਤੋਂ ਪਹਿਲਾਂ ਤਾਮਿਲਨਾਡੂ ਦੇ ਗਵਰਨਰ ਸਨ ਜਿਥੇ ਡਾ. ਇਕਬਾਲ ਸਿੰਘ ਦਾ ਲੰਬਾ ਸਮਾਂ ਸਿਆਸੀ ਸਰਗਰਮੀਆਂ ਵਿਚ ਬਤੀਤ ਹੋਇਆ। ਪੁਰੋਹਿਤ ਭਾਵੇਂ ਹੁਣ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹਨ ਪਰ ਉਕਤ ਦੋਹਾਂ ਸ਼ਖਸੀਅਤਾਂ ਵਿਚ ਪੁਰਾਣੀ ਦੋਸਤੀ ਅੱਜ ਵੀ ਬਰਕਰਾਰ ਹੈ।