Punjab Election 2022 : ਮਨੂਪਾਲ ਸ਼ਰਮਾ, ਜਲੰਧਰ : ਖੇਡਾਂ ਦੇ ਖੇਤਰ 'ਚ ਹਾਕੀ ਦਾ ਮੱਕਾ ਦੇ ਨਾਂ ਦਾ ਖ਼ਿਤਾਬ ਹਾਸਲ ਕਰਨ ਵਾਲਾ ਜਲੰਧਰ ਹੁਣ ਸਿਆਸੀ ਮੈਦਾਨ 'ਚ ਹਾਕੀ ਦੇ ਜਾਦੂਗਰਾਂ ਦੇ ਸਿਆਸੀ ਹੁਨਰ ਦਾ ਗਵਾਹ ਬਣਨ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣ 2022 'ਚ ਜਲੰਧਰ ਦੇ ਦੋ ਵਿਧਾਨ ਸਭਾ ਹਲਕਿਆਂ ਤੋਂ ਤਿੰਨ ਓਲੰਪੀਅਨ ਚੋਣ ਲੜਨ ਜਾ ਰਹੇ ਹਨ। ਜਲੰਧਰ ਛਾਉਣੀ 'ਚ ਜਿੱਥੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਤੇ ਓਲੰਪੀਅਨ ਪਰਗਟ ਸਿੰਘ ਆਹਮੋ-ਸਾਹਮਣੇ ਹੋਣਗੇ, ਉੱਥੇ ਹੀ ਓਲੰਪੀਅਨ ਅਜੀਤਪਾਲ ਸਿੰਘ ਨਕੋਦਰ ਲਾਈਟ ਤੋਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰਨਗੇ। ਓਲੰਪੀਅਨ ਸੁਰਿੰਦਰ ਸਿੰਘ ਸੋਢੀ ਆਮ ਆਦਮੀ ਪਾਰਟੀ (ਆਪ), ਓਲੰਪੀਅਨ ਪਰਗਟ ਸਿੰਘ ਕਾਂਗਰਸ ਅਤੇ ਓਲੰਪੀਅਨ ਅਜੀਤਪਾਲ ਸਿੰਘ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ।
ਤਿੰਨੋਂ ਓਲੰਪੀਅਨਾਂ 'ਚ ਕੁਝ ਗੱਲਾਂ ਸਾਂਝੀਆਂ ਵੀ ਹਨ, ਤਿੰਨੋਂ ਹਾਕੀ ਦੇ ਮੈਦਾਨ ਤੋਂ ਹਨ। ਅੰਤਰਰਾਸ਼ਟਰੀ ਹਾਕੀ 'ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕੇ ਹਨ ਤੇ ਤਿੰਨੋਂ ਅਰਜੁਨ ਐਵਾਰਡ ਨਾਲ ਵੀ ਸਨਮਾਨਿਤ ਹਨ। ਓਲੰਪੀਅਨ ਅਜੀਤਪਾਲ ਸਿੰਘ ਤੇ ਓਲੰਪੀਅਨ ਪਰਗਟ ਸਿੰਘ ਨੂੰ ਵੀ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਓਲੰਪੀਅਨ ਅਜੀਤਪਾਲ ਸਿੰਘ ਨੂੰ ਤਿੰਨੋਂ ਓਲੰਪੀਅਨਾਂ 'ਚੋਂ ਸੀਨੀਅਰ ਕਿਹਾ ਜਾ ਸਕਦਾ ਹੈ। ਉਨ੍ਹਾਂ ਤਿੰਨ ਓਲੰਪਿਕ, ਤਿੰਨ ਵਿਸ਼ਵ ਕੱਪ ਤੇ ਦੋ ਏਸ਼ੀਅਨ ਗੇਮਜ਼ 'ਚ ਆਪਣੀ ਹਾਕੀ ਸਟਿੱਕ ਦਾ ਜਾਦੂ ਦਿਖਾਇਆ ਹੈ ਤੇ ਅਰਜੁਨ ਪੁਰਸਕਾਰ ਤੇ ਪਦਮਸ਼੍ਰੀ ਨਾਲ ਸਨਮਾਨਿਤ ਹਨ। ਉਹ ਲੰਬੇ ਸਮੇਂ ਤਕ ਭਾਰਤੀ ਹਾਕੀ ਟੀਮ ਦੇ ਕਪਤਾਨ ਵੀ ਰਹੇ ਹਨ। ਉਹ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨ ਜਾ ਰਹੇ ਹਨ। ਓਲੰਪੀਅਨ ਸੁਰਿੰਦਰ ਸਿੰਘ ਸੋਢੀ 1980 ਮਾਸਕੋ ਓਲੰਪਿਕ 'ਚ ਕੁੱਲ 15 ਤੇ ਫਾਈਨਲ ਮੈਚ 'ਚ ਗੋਲਡ ਮੈਡਲ ਜਿੱਤਣ ਲਈ 2 ਬੇਹੱਦ ਮਹੱਤਵਪੂਰਨ ਗੋਲ਼ ਦਾਗਣ ਵਾਲੇ ਦਿੱਗਜ ਵਜੋਂ ਜਾਣੇ ਜਾਂਦੇ ਹਨ। ਸੁਰਿੰਦਰ ਸਿੰਘ ਸੋਢੀ ਵੀ ਪਹਿਲੀ ਵਾਰ ਚੋਣ ਲੜਨਗੇ।
ਪਰਗਟ ਸਿੰਘ 1992 ਬਾਰਸੀਲੋਨਾ ਤੇ 1996 ਅਟਲਾਂਟਾ ਓਲੰਪਿਕ 'ਚ ਭਾਰਤੀ ਹਾਕੀ ਟੀਮ ਦੇ ਕਪਤਾਨ ਤੇ ਦੁਨੀਆ ਦੇ ਸਰਵੋਤਮ ਡਿਫੈਂਡਰਾਂ 'ਚ ਸ਼ੁਮਾਰ ਹਨ। ਉਂਝ ਸਿਆਸੀ ਤਜਰਬੇ 'ਚ ਪਰਗਟ ਸਿੰਘ ਕੋਲ ਆਪਣੇ ਤੋਂ ਸੀਨੀਅਰ ਦੋਵਾਂ ਓਲੰਪੀਅਨਾਂ ਨਾਲੋਂ ਵੱਧ ਤਜ਼ਰਬਾ ਹੈ। ਸਿੰਘ ਜਲੰਧਰ ਕੈਂਟ ਤੋਂ ਦੋ ਵਾਰ (ਇਕ ਵਾਰ ਅਕਾਲੀ ਦਲ ਤੇ ਦੂਜੀ ਵਾਰ ਕਾਂਗਰਸ ਦੀ ਟਿਕਟ 'ਤੇ) ਵਿਧਾਨ ਸਭਾ ਚੋਣ ਜਿੱਤ ਚੁੱਕੇ ਹਨ। ਕੈਂਟ ਵਿੱਚ ਦੋ ਹਾਕੀ ਓਲੰਪੀਅਨ ਆਹਮੋ-ਸਾਹਮਣੇ ਆਉਣ ਨਾਲ ਚੋਣ ਲੜਾਈ ਬਹੁਤ ਦਿਲਚਸਪ ਹੋਵੇਗੀ।