ਅਮਰਜੀਤ ਸਿੰਘ ਵੇਹਗਲ, ਜਲੰਧਰ : ਮਹਾਨਗਰ ਵਿਚ ਸਥਿਤ ਸਮਾਰਟ ਸਿਟੀ ਖੇਤਰ ਦੇ ਅਧੀਨ ਆਉਂਦੇ ਵਾਰਡ 71 ਵਿਚ ਭਾਵੇਂ ਕੌਂਸਲਰ ਸਤਿੰਦਰਜੀਤ ਕੌਰ ਖਾਲਸਾ ਵੱਲੋਂ ਸਮੇਂ-ਸਮੇਂ 'ਤੇ ਇਲਾਕੇ 'ਚ ਫੋਗਿੰਗ ਤਾਂ ਕਰਵਾਈ ਗਈ ਪਰ ਇਸ ਦੇ ਬਾਵਜੂਦ ਲੋਕਾਂ 'ਚ ਉਦੋਂ ਡਰ ਪੈਦਾ ਹੋ ਗਿਆ ਜਦੋਂ ਇਲਾਕੇ 'ਚ ਕਈ ਲੋਕ ਡੇਂਗੂ ਤੋਂ ਪ੍ਰਭਾਵਿਤ ਹੋ ਗਏ। ਇਲਾਜ ਲਈ ਪਹਿਲਾਂ ਉਹ ਸਿਵਲ ਹਸਪਤਾਲ ਤਾਂ ਗਏ ਪਰ ਉੱਥੇ ਕੋਈ ਵੀ ਪੁਖਤਾ ਪ੍ਰਬੰਧ ਨਾ ਦੇਖਦੇ ਹੋਏ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਮਹਾਨਗਰ ਦੇ ਵਾਰਡ 71 'ਚ ਰਹਿੰਦੇ ਉਘੇ ਕਾਰੋਬਾਰੀ ਦਾ ਨੌਜਵਾਨ ਪੁੱਤਰ ਨਗਰ ਨਿਗਮ ਵਿਭਾਗ ਦੀ ਿਢੱਲੀ ਕਾਰਗੁਜ਼ਾਰੀ ਕਾਰਨ ਡੇਂਗੂ ਦੀ ਬਿਮਾਰੀ ਨਾਲ ਜੂਝਦਾ ਹੋਇਆ ਮੌਤ ਦੇ ਮੂੰਹ 'ਚ ਜਾ ਪਿਆ। ਇਲਾਕੇ ਵਿਚ ਰਹਿ ਰਹੇ ਬਜ਼ੁਰਗ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ ਰਾਤ ਸਮੇਂ ਅਚਾਨਕ ਤੇਜ਼ ਬੁਖਾਰ ਹੋਣ ਕਾਰਨ ਜਦੋਂ ਸਿਵਲ ਹਸਪਤਾਲ ਲੈ ਕੇ ਜਾਣ ਲਈ ਸੋਚਿਆ ਤਾਂ ਇਲਾਕੇ ਦੇ ਜ਼ਿਆਦਾਤਰ ਲੋਕਾਂ ਨੇ ਸਿਵਲ ਹਸਪਤਾਲ ਦੇ ਮਾੜੇ ਪ੍ਰਬੰਧਾਂ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲਾਂ ਤੋਂ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਬਵਿਕ ਨੇ ਦੱਸਿਆ ਕਿ ਉਸ ਨੇ ਸਿਵਲ ਹਸਪਤਾਲ ਦੀ ਲਾਪਰਵਾਹੀ ਕਾਰਨ ਆਪਣਾ ਇਲਾਜ ਮਜਬੂਰਨ ਨਿੱਜੀ ਹਸਪਤਾਲ ਤੋਂ ਕਰਵਾਇਆ।
---
ਸਿਹਤ ਵਿਭਾਗ ਦੀ ਟੀਮ ਕਰੇਗੀ ਜਾਂਚ : ਡਾ. ਰਾਜ ਕਮਲ
ਇਸੇ ਦੌਰਾਨ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਕ੍ਰਿਸ਼ਨ ਨਾਲ ਟੈਲੀਫੋਨ 'ਤੇ ਵਾਰ-ਵਾਰ ਸੰਪਰਕ ਕਰਨਾ ਚਾਹਿਆ ਪਰ ਉਨ੍ਹਾਂ ਨੇ ਫੋਨ ਸੁਣਨ ਦੀ ਖੇਚਲ ਨਹੀਂ ਕੀਤੀ। ਇਸ ਉਪਰੰਤ ਨਿਗਮ ਦੇ ਸਹਾਇਕ ਸਿਹਤ ਅਧਿਕਾਰੀ ਡਾ. ਰਾਜ ਕਮਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਟੀਮ ਮੈਂਬਰਾਂ ਨਾਲ ਖੁਦ ਇਲਾਕੇ 'ਚ ਜਾਂਚ ਕਰਨਗੇ ਤੇ ਇਸ ਬਿਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ।
---
400 ਰੁਪਏ ਕਿਲੋ ਵਿਕ ਰਿਹੈ ਬੱਕਰੀ ਦਾ ਦੁੱਧ
ਡੇਂਗੂ ਪੀੜਤਾਂ ਨੇ ਦੱਸਿਆ ਕਿ ਜ਼ਿਆਦਾਤਰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਬੱਕਰੀ ਦਾ ਦੁੱਧ ਤੇ ਨਾਰੀਅਲ ਪਾਣੀ ਪੀਣ ਸਲਾਹ ਦਿੱਤੀ ਗਈ ਹੈ ਪਰ ਬੱਕਰੀ ਦਾ ਦੁੱਧ 400 ਰੁਪਏ ਕਿਲੋ ਵਿਕ ਰਿਹਾ ਹੈ। ਕੱਚਾ ਨਾਰੀਅਲ ਵੀ 60 ਰੁਪਏ ਤੋਂ 80 ਰੁਪਏ ਦੇ ਕਰੀਬ ਵਿਕ ਰਿਹਾ ਹੈ।
---
ਡੇਂਗੂ ਹੋਣ 'ਤੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ : ਡਾ. ਭੰਮਰਾ
ਮਾਹਿਰ ਡਾ. ਗੁਰਚਰਨ ਸਿੰਘ ਭੰਮਰਾ ਦਾ ਕਹਿਣਾ ਹੈ ਕਿ ਡੇਂਗੂ ਦਾ ਇਲਾਜ ਸੰਭਵ ਹੈ। ਲੱਛਣਾਂ ਦੀ ਪਛਾਣ ਹੋਣ 'ਤੇ ਆਰਾਮ ਕੀਤਾ ਜਾਣਾ ਚਾਹੀਦਾ ਹੈ। ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਜੇ ਡੇਂਗੂ ਬੁਖਾਰ ਦੇ ਇਲਾਜ 'ਚ ਕੋਈ ਦੇਰੀ ਹੁੰਦੀ ਹੈ ਤਾਂ ਇਹ ਡੇਂਗੂ ਹੈਮਰੈਜਿਕ ਬੁਖਾਰ (ਡੀਐੱਚਐੱਫ) ਦਾ ਰੂਪ ਧਾਰਨ ਕਰ ਲੈਂਦਾ ਹੈ।
---
ਬਚਾਅ ਲਈ ਸਫਾਈ ਬਹੁਤ ਜ਼ਰੂਰੀ : ਡਾ. ਬੀਕੇ ਸੋਢੀ
ਡੇਂਗੂ ਦੀ ਬਿਮਾਰੀ ਫੈਲਣ ਦੇ ਲੱਛਣ ਤੇ ਉਪਾਅ ਬਾਰੇ ਜਦੋਂ ਮਾਹਿਰ ਡਾਕਟਰ ਬੀਕੇ ਸੋਢੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਡੇਂਗੂ ਮੀਂਹ ਦੇ ਮੌਸਮ ਦੌਰਾਨ ਪੈਦਾ ਹੋਏ ਮੱਛਰ ਦੇ ਲੜਨ ਦੌਰਾਨ ਹੀ ਫੈਲਦਾ ਹੈ ਤੇ ਕੂਲਰਾਂ ਤੇ ਜ਼ਿਆਦਾਤਰ ਥਾਵਾਂ 'ਤੇ ਟਾਇਰਾਂ 'ਚ ਲੰਮੇ ਸਮੇਂ ਤੋਂ ਪਏ ਪਾਣੀ 'ਚ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ। ਇਸੇ ਲਈ ਮੱਛਰ ਪੈਦਾ ਨਹੀਂ ਹੋਣ ਦੇਣਾ ਚਾਹੀਦਾ। ਬਚਾਅ ਲਈ ਸਫਾਈ ਬਹੁਤ ਜ਼ਰੂਰੀ ਹੈ। ਸ਼ੁਰੂਆਤੀ ਲੱਛਣਾਂ 'ਚ ਮਰੀਜ਼ ਨੂੰ ਸਿਰਦਰਦ ਤੇ ਅੱਖਾਂ 'ਚ ਤਿੱਖਾ ਦਰਦ ਮਹਿਸੂਸ ਹੁੰਦਾ ਹੈ। ਜੋੜਾਂ ਨੂੰ ਦਰਦ, ਬੇਚੈਨੀ, ਉਲਟੀਆਂ, ਘੱਟ ਬਲੱਡ ਪ੍ਰਰੈੱਸ਼ਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
---
ਦੁਬਾਰਾ ਕਰਵਾਈ ਜਾਵੇਗੀ ਫੋਗਿੰਗ : ਖਾਲਸਾ
ਇਸ ਸਬੰਧੀ ਵਾਰਡ ਦੀ ਕੌਂਸਲਰ ਸਤਿੰਦਰਜੀਤ ਕੌਰ ਦੇ ਪਤੀ ਪ੍ਰਰੀਤ ਖ਼ਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਂ ਸਮੇਂ 'ਤੇ ਇਲਾਕੇ ਵਿਚ ਫੋਗਿੰਗ ਕਰਵਾਈ ਹੈ ਪਰ ਫਿਰ ਵੀ ਕੁਝ ਲੋਕ ਬਿਮਾਰ ਹੋਏ ਹਨ ਤਾਂ ਉਹ ਦੁਬਾਰਾ ਫਾਗਿੰਗ ਕਰਵਾਉਣ ਦਾ ਪ੍ਰਬੰਧ ਕਰ ਰਹੇ ਹਨ।