ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ
ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਤੇ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਲਈ ਲੱਗੇ ਕੌਮੀ ਇਨਸਾਫ ਮੋਰਚੇ 'ਚ ਤੇਰਾ-ਤੇਰਾ ਵੈੱਲਫੇਅਰ ਗਰੁੱਪ ਦਾ ਜਥਾ ਸੰਗਤਾਂ ਲਈ ਇਕ ਕੁਇੰਟਲ ਦੇਸੀ ਿਘਓ ਦੀਆਂ ਪਿੰਨੀਆਂ ਤੇ ਹੋਰ ਸਾਮਾਨ ਲੈ ਕੇ ਪਿੰਡ ਕੰਨੀਆਂ ਤੋਂ ਰਵਾਨਾ ਹੋਇਆ।
ਇਸ ਮੌਕੇ ਗੱਲਬਾਤ ਕਰਦਿਆਂ ਗਰੁੱਪ ਦੇ ਆਗੂ ਗੁਰਦੇਵ ਸਿੰਘ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਬੰਦੀ ਸਿੰਘ ਅਜੇ ਤਕ ਜੇਲ੍ਹਾਂ 'ਚ ਬੰਦ ਹਨ। ਸੰਵਿਧਾਨ ਅਨੁਸਾਰ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਜੇਲ੍ਹ 'ਚ ਬੰਦ ਹੋਇਆਂ ਨੂੰ 10 ਸਾਲ ਹੋ ਗਏ ਹਨ। ਜਿਸ ਸੰਵਿਧਾਨ ਤਹਿਤ ਉਨ੍ਹਾਂ ਨੂੰ ਸਜ਼ਾਵਾਂ ਹੋਈਆਂ, ਉਸੇ ਤਹਿਤ ਉਨ੍ਹਾਂ ਨੂੰ ਰਿਹਾਅ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਤਲ ਤੇ ਬਲਾਤਕਾਰ ਦੇ ਕੇਸ 'ਚ ਉਮਰ ਕੈਦ ਕੱਟ ਰਹੇ ਅਖੌਤੀ ਸਾਧ ਰਾਮ ਰਹੀਮ ਨੂੰ ਸਰਕਾਰ ਵਾਰ-ਵਾਰ ਪੈਰੋਲ ਦੇ ਕੇ ਜੇਲ੍ਹ ਤੋਂ ਬਾਹਰ ਲਿਆ ਰਹੀ ਹੈ, ਜਦਕਿ ਸਿੰਘ ਤਾਂ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਲੋਕਾਂ ਨੂੰ ਵੱਧ-ਚੜ੍ਹ ਕੇ ਕੌਮੀ ਇਨਸਾਫ ਮੋਰਚੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਤੇ ਸਰਕਾਰ ਕੋਲੋਂ ਬੰਦੀ ਸਿੰਘਾਂ ਦੀ ਜਲਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਸੁਖਦੇਵ ਸਿੰਘ ਸਰਪੰਚ ਨੰਗਲ ਅੰਬੀਆਂ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ।