ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਸੋਮਵਾਰ ਸ਼ਾਮ ਪਰਜੀਆਂ ਰੋਡ 'ਤੇ ਪਿੰਡ ਬੁੱਢਣਵਾਲ ਦੇ ਨਜ਼ਦੀਕ ਦੋ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਪਰਜੀਆਂ ਰੋਡ 'ਤੇ ਫੋਰਡ ਫਿਗੋ ਗੱਡੀ ਨੰਬਰ ਪੀਬੀ 33 ਡੀ 1969, ਜੋ ਸ਼ਾਹਕੋਟ ਤੋਂ ਪਿੰਡ ਭੱਦਮਾ ਜਾ ਰਹੀ ਸੀ ਤੇ ਇਸ ਨੂੰ ਸਤ ਪ੍ਰਕਾਸ਼ (40) ਪੁੱਤਰ ਜਗਨਨਾਥ ਵਾਸੀ ਭੱਦਮਾ ਚਲਾ ਰਿਹਾ ਸੀ। ਨਾਲ ਕੁਲਵਿੰਦਰ ਸਿੰਘ ਪੁੱਤਰ ਸਾਧੂ ਸਿੰਘ, ਅਸ਼ੋਕ ਕੁਮਾਰ ਪੁੱਤਰ ਸਾਧੂ ਰਾਮ ਤੇ ਲਖਵਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਭੱਦਮਾ ਵੀ ਸਵਾਰ ਸਨ। ਦੂਜੇ ਪਾਸੇ ਪਿੰਡ ਰੌਂਤਾਂ ਤੋਂ ਸਵਿਫਟ ਗੱਡੀ ਨੰਬਰ ਪੀਬੀ 10 ਸੀਐਲ 2499 ਸ਼ਾਹਕੋਟ ਵੱਲ ਜਾ ਰਹੀ ਸੀ, ਜਿਸ 'ਚ ਸਾਹਿਲਪ੍ਰਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਤੇ ਉਸ ਦਾ ਦੋਸਤ ਸੋਨੂੰ ਸਵਾਰ ਸਨ। ਜਦੋਂ ਦੋਵੇਂ ਗੱਡੀਆਂ ਪਿੰਡ ਬੁੱਢਣਵਾਲ ਨੇੜੇ ਪੁੱਜੀਆਂ ਤਾਂ ਆਹਮੋ-ਸਾਹਮਣੀ ਟੱਕਰ ਹੋ ਗਈ। ਦੋਵੇਂ ਵਾਹਨਾਂ 'ਚ ਸਵਾਰ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ। ਰਾਹਗੀਰਾਂ ਨੇ 108 ਨੰਬਰ ਐਂਬੂਲੈਂਸ ਨੂੰ ਫੋਨ ਕੀਤਾ ਜਿਸ ਰਾਹੀਂ ਜ਼ਖਮੀ ਹੋਏ ਸਤ ਪ੍ਰਕਾਸ਼ ਤੇ ਅਸ਼ੋਕ ਕੁਮਾਰ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਪਹੁੰਚਾਇਆ ਗਿਆ। ਬਾਕੀ ਜ਼ਖਮੀਆਂ ਨੂੰ ਨਿੱਜੀ ਵਾਹਨਾਂ ਰਾਹੀਂ ਨਕੋਦਰ ਤੇ ਜਲੰਧਰ ਦੇ ਹਸਪਤਾਲਾਂ 'ਚ ਪਹੁੰਚਾਇਆ ਗਿਆ ਜਦਕਿ ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਸਵਿਫਟ ਗੱਡੀ 'ਚ ਸਵਾਰ ਜ਼ਖ਼ਮੀਆਂ ਨੂੰ ਨਿੱਜੀ ਵਾਹਨ ਰਾਹੀਂ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਜਾ ਚੁੱਕਾ ਸੀ।
ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐਮਰਜੈਂਸੀ ਡਿਊਟੀ 'ਤੇ ਕੋਈ ਵੀ ਡਾਕਟਰ ਮੌਜੂਦ ਨਾ ਹੋਣ ਕਾਰਨ ਜ਼ਖ਼ਮੀਆਂ ਨੂੰ ਹੋਰ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਜ਼ਖਮੀ ਸਤ ਪ੍ਰਕਾਸ਼ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਖਾਂਬਰਾ ਨੇੜੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮਿ੍ਤਕ ਐਲਾਨ ਦਿੱਤਾ। ਘਟਨਾ ਸਬੰਧੀ ਪਤਾ ਲੱਗਣ 'ਤੇ ਪੁਲਿਸ ਟੀਮ ਵੀ ਹਾਦਸੇ ਵਾਲੀ ਥਾਂ 'ਤੇ ਪੁੱਜ ਗਈ ਤੇ ਪੂਰੇ ਮਾਮਲੇ ਦੀ ਜਾਂਚ ਆਰੰਭ ਦਿੱਤੀ।