ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ
ਸ਼ਨਿਚਰਵਾਰ ਦੇਰ ਰਾਤ ਕਾਲੇ ਰੰਗ ਦੀ ਇਨੋਵਾ ਗੱਡੀ ਦੇ ਸਵਾਰ ਤਿੰਨ ਹਮਲਾਵਰਾਂ ਨੇ ਪਿੰਡ ਲੱਖਨਪਾਲ ਦੇ ਲੰਬੜਦਾਰ 'ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਥਾਣਾ ਸਦਰ 'ਚ ਪਿੰਡ ਦੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਪੁਲਿਸ ਨੇ ਆਪਣੀ ਕਾਰਵਾਈ ਦੌਰਾਨ ਚਾਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਇਸ ਕਾਰਨ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਜੰਡਿਆਲਾ ਨਕੋਦਰ ਰੋਡ ਜਾਮ ਕਰਕੇ ਧਰਨਾ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇਬਾਜ਼ੀ ਕੀਤੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਿ੍ਤਕ ਲੰਬੜਦਾਰ ਰਾਮ ਗੋਪਾਲ ਸ਼ੁਰੂ ਤੋਂ ਹੀ ਪਿੰਡ 'ਚ ਵਿਕ ਰਹੇ ਨਸ਼ੇ ਦਾ ਵਿਰੋਧ ਕਰਦਾ ਆ ਰਿਹਾ ਸੀ ਅਤੇ ਕਈ ਵਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਵੀ ਕਰ ਚੁੱਕਾ ਸੀ, ਜਿਸ ਕਾਰਨ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਨਸ਼ਾ ਤਸਕਰਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਦੀ ਸ਼ਿਕਾਇਤ ਰਾਮ ਗੋਪਾਲ ਨੇ ਥਾਣਾ ਸਦਰ 'ਚ ਦਰਜ ਵੀ ਕਰਵਾਈ ਸੀ ਪਰ ਪੁਲਿਸ ਵੱਲੋਂ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਉਸ ਦੀ ਮੌਤ ਹੋ ਗਈ ।
ਗੋਲ਼ੀ ਲੱਗਣ ਕਾਰਨ ਹੋਈ ਮੌਤ : ਰਿਸ਼ਤੇਦਾਰ
ਮਿ੍ਤਕ ਰਾਮਗੋਪਾਲ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਸ਼ਨਿਚਰਵਾਰ ਰਾਤ ਕਰੀਬ 9.30 ਵਜੇ ਕਿਸੇ ਕੰਮ ਤੋਂ ਬਾਹਰ ਗਿਆ ਸੀ। ਕੰਮ ਤੋਂ ਪਰਤਦੇ ਸਮੇਂ ਪਿੰਡ ਲੱਖਨਪਾਲ ਦੀ ਮੁੱਖ ਸੜਕ 'ਤੇ ਕਾਲੇ ਰੰਗ ਦੀ ਇਨੋਵਾ ਗੱਡੀ 'ਚੋਂ ਤਿੰਨ ਹਮਲਾਵਰਾਂ ਨੇ ਆ ਕੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਰਾਮਗੋਪਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਸ ਸਾਰੇ ਮਾਮਲੇ ਦੀ ਅਜੇ ਤਕ ਵੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਵਿਧਾਇਕ ਪਰਗਟ ਸਿੰਘ
ਪੁਲਿਸ ਕਾਰਵਾਈ ਤੋਂ ਨਾਖੁਸ਼ ਪਰਿਵਾਰਕ ਮੈਂਬਰਾਂ ਵੱਲੋਂ ਜੰਡਿਆਲਾ ਨਕੋਦਰ ਰੋਡ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ । ਹਲਕੇ 'ਚ ਵਾਪਰੇ ਕਤਲਕਾਂਡ ਦਾ ਸੁਣਦਿਆਂ ਹੀ ਹਲਕਾ ਵਿਧਾਇਕ ਪਰਗਟ ਸਿੰਘ ਨੇ ਮੌਕੇ 'ਤੇ ਪਹੁੰਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ।
ਐੱਫਆਈਆਰ 'ਚ ਰਿਸ਼ਤੇਦਾਰਾਂ ਵੱਲੋਂ ਦਿੱਤੇ ਗਏ ਨਾਮ ਦਰਜ ਕਰ ਸਕਦੀ ਹੈ ਪੁਲਿਸ
ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਹੋਣ ਨੂੰ ਲੈ ਕੇ ਮਿ੍ਤਕ ਦੇ ਵਾਰਸਾਂ ਵੱਲੋਂ ਦਿੱਤੇ ਗਏ ਧਰਨੇ ਨੂੰ ਵੇਖਦਿਆਂ ਪੁਲਿਸ ਜਲਦੀ ਐੱਫਆਈਆਰ 'ਚ ਪਰਿਵਾਰਕ ਮੈਂਬਰਾਂ ਵੱਲੋਂ ਦੱਸੇ ਗਏ ਨਾਮ ਸ਼ਾਮਲ ਕਰ ਸਕਦੀ ਹੈ ਪਰ ਫਿਲਹਾਲ ਅਜੇ ਸਾਰਾ ਮਾਮਲਾ ਪੁਲਿਸ ਟੀਮ ਦੀ ਜਾਂਚ ਅਧੀਨ ਹੈ।