ਮਨਜੀਤ ਸ਼ੇਮਾਰੂ, ਜਲੰਧਰ : ਅੱਜ ਬੀਜੇਪੀ ਜਲੰਧਰ ਦੇ ਦਫਤਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਤਿੰਨੋਂ ਉਮੀਦਵਾਰ ਮਹਿੰਦਰ ਭਗਤ, ਕੇਡੀ ਭੰਡਾਰੀ ਅਤੇ ਮਨੋਰੰਜਨ ਕਾਲੀਆ ਦਾ ਪਾਰਟੀ ਦੇ ਵਰਕਰਾਂ ਦੁਆਰਾ ਜ਼ੋਰਦਾਰ ਸਵਾਗਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਹਾਲਾਤ ਬੜੇ ਮਾੜੇ ਹੋ ਚੁੱਕੇ ਹਨ। ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਨੇ ਪੰਜਾਬ ਦੇ ਯੁਵਾ ਵਰਗ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। ਇਸ ਲਈ ਇਸ ਵਾਰ ਪੰਜਾਬ ਚੋਂ ਕਾਂਗਰਸ ਨੂੰ ਬਾਹਰ ਕੱਢ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਪੰਜਾਬ ਨੂੰ ਖੁਸ਼ਹਾਲ ਤੇ ਤਰੱਕੀ ਦੇ ਰਸਤੇ ਤੇ ਲਿਆਇਆ ਜਾ ਸਕਦਾ ਹੈ। ਗੱਲ ਕਰਦਿਆਂ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਜ਼ੁਲਮਾਂ ਤੋਂ ਵਾਂਝਾ ਨਹੀਂ ਹੈ ਉਸ ਦੇ ਰਾਜ ਵਿਚ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਨੂੰ ਨੱਥ ਪਾਉਣ ਲਈ ਕੁਝ ਵੀ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਵਾਰ ਅੱਛਾਈ ਅਤੇ ਬੁਰਾਈ ਦੀ ਲੜਾਈ ਹੈ। ਇਸ ਕਰਕੇ ਸਭ ਨੂੰ ਵਧ ਚੜ੍ਹ ਕੇ ਬੀਜੇਪੀ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਸ ਚੰਗੀ ਸਰਕਾਰ ਨੂੰ ਸੂਬੇ ਵਿੱਚ ਲਿਆ ਕੇ ਡਬਲ ਇੰਜਣ ਦੀ ਸਰਕਾਰ ਬਣਾਈ ਜਾ ਸਕੇ ਤਾਂ ਜੋ ਪੰਜਾਬ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ਵੱਲ ਵਧ ਸਕੇ।
ਕੇਡੀ ਭੰਡਾਰੀ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਪਾਰਟੀ ਹਾਈ ਕਮਾਨ ਦਾ ਬੜਾ ਧੰਨਵਾਦੀ ਹਾਂ ਕਿ ਉਨ੍ਹਾਂ ਮੈਨੂੰ ਇਸ ਯੋਗ ਸਮਝਿਆ ਅਤੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਵਾਰ ਨਾਰਥ ਹਲਕੇ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਵਾਂਗਾ। ਉਨ੍ਹਾਂ ਪਾਰਟੀ ਦੇ ਵਰਕਰਾਂ ਨੂੰ ਕਿਹਾ ਕਿ ਜੋ ਕੁਝ ਦਿਨ ਬਚੇ ਹਨ ਉਸ ਵਿਚ ਬਿਨਾਂ ਲਾਗ ਡਾਟ ਤੋਂ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਬੀਜੇਪੀ ਜਲੰਧਰ ਦੀਆਂ ਚਾਰੋਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਈਏ ਤਾਂ ਜੋ ਡਬਲ ਇੰਜਣ ਦੀ ਸਰਕਾਰ ਬਣਾਈ ਜਾ ਸਕੇ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਮੈਂ ਪਾਰਟੀ ਦਾ ਬੜਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ 35 ਸੀਟਾਂ ਚੋਂ ਜਲੰਧਰ ਦੀਆਂ 3 ਸੀਟਾਂ ਨੂੰ ਦੁਬਾਰਾ ਰਿਪੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਬੀਜੇਪੀ ਆਪਣੇ ਨਵੇਂ ਸੰਕਲਪ ਨਾਲ ਆਈ ਹੈ ਜੋ ਕਿ 10 ਮਾਰਚ ਤੋਂ ਬਾਅਦ 24 ਕੈਰੇਟ ਦੀ ਸਰਕਾਰ ਬਣਾਵੇਗੀ। ਕਾਲੀਆ ਨੇ ਕਿਹਾ ਕਿ ਇਸ ਵਾਰ ਅਸੀਂ ਮੇਜਰ ਪਾਰਟੀ ਦੇ ਤੌਰ ਤੇ ਸੂਬੇ ਵਿਚ ਰਹਾਂਗੇ ਇਸ ਤੋਂ ਪਹਿਲਾਂ ਅਸੀਂ ਛੋਟੇ ਭਰਾ ਦੇ ਤੌਰ ਤੇ ਸੂਬੇ ਵਿੱਚ ਕੰਮ ਕੀਤਾ ਹੈ। ਉਨ੍ਹਾਂ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੇ ਪੱਲੇ ਧੇਲਾ ਨਹੀਂ ਤੇ ਕਰਦੇ ਬੱਲੇ-ਬੱਲੇ। ਉਨ੍ਹਾਂ ਕਿਹਾ ਕਿ ਚੰਨੀ ਦੇ ਰਿਸ਼ਤੇਦਾਰਾਂ ਕੋਲੋਂ ਕਰੋੜਾਂ ਰੁਪਿਆ ਫੜਿਆ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਚੰਨੀ ਦੇ ਰਾਜ ਵਿੱਚ ਲੈਂਡ ਮਾਫ਼ੀਆ ਤੇ ਰੇਤ ਮਾਫੀਆ ਵਰਗੇ ਮਾਫੀਆ ਰਾਜ ਨੂੰ ਬੜ੍ਹਾਵਾ ਮਿਲਿਆ।
ਕਾਲੀਆ ਨੇ ਆਪ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗੱਪਾਂ ਦਾ ਕੜਾ ਬਣਾਉਂਦੀ ਹੈ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਝੂਠਿਆਂ ਦੀ ਪੰਡ ਹੈ ਹਰ ਇੱਕ ਔਰਤ ਨੂੰ ਜੋ 18 ਸਾਲ ਤੋਂ ਉੱਪਰ ਹੈ, ਇੱਕ ਇੱਕ ਹਜ਼ਾਰ ਰੁਪਿਆ ਦੇਣਾ ਪੰਜਾਬ ਦੀ ਜਨਤਾ ਨਾਲ ਧੋਖਾ ਹੈ ਕਿਉਂ ਜੋ ਇਸ ਦਾ 1,25,000 ਕਰੋੜ ਰੁਪਿਆ ਬਣਦਾ ਹੈ ਜੋ ਕਿ ਦੇਣਾ ਸੰਭਵ ਨਹੀਂ ਹੈ ਕਾਲੀਆ ਨੇ ਕਿਹਾ ਕਿ ਬੀਜੇਪੀ ਨੇ ਜੋ ਕਿਹਾ ਉਹ ਕੀਤਾ ਹੈ ਇਸ ਵਾਰ ਅਸੀਂ ਸੂਬੇ ਵਿਚ ਜਿੱਤ ਕੇ ਡਬਲ ਇੰਜਣ ਦੀ ਸਰਕਾਰ ਬਣਾਵਾਂਗੇ