ਅਮਰਜੀਤ ਸਿੰਘ ਵੇਹਗਲ, ਜਲੰਧਰ : ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਦੀ ਪ੍ਰਧਾਨਗੀ ਹੇਠ ਪੋ੍. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, ਸੰਦੀਪ ਸਿੰਘ ਚਾਵਲਾ, ਹਰਦੇਵ ਸਿੰਘ ਗਰਚਾ, ਹਰਭਜਨ ਸਿੰਘ ਬੈਂਸ, ਹਰਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਚੱਢਾ, ਸਾਹਿਬ ਸਿੰਘ ਆਰਗੇਨਾਈਜ਼ਰ ਸਕਤਰ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਸੂਬਾ ਪ੍ਰਧਾਨ ਪਰਮਿੰਦਰ ਪਾਲ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਨੇ ਕਿਹਾ ਕਿ ਪੰਥ ਵਿਚੋਂ ਤੇ ਸ਼ੋ੍ਮਣੀ ਅਕਾਲੀ ਦਲ ਵਿਚੋਂ ਕੱਢੇ ਗਏ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰਰੀਤ ਸਿੰਘ ਨੇ ਤਨਖਾਹੀਆ ਕਰਾਰ ਦੇ ਕੇ ਛੋਟੀ ਮੋਟੀ ਧਾਰਮਿਕ ਸਜ਼ਾ 21 ਦਿਨਾਂ ਲਈ ਹਰਿਮੰਦਰ ਸਾਹਿਬ ਵਿਚ ਬਰਤਨ ਸਾਫ਼ ਕਰਨ ਦੀ ਸੇਵਾ ਤੋਂ ਇਲਾਵਾ 21 ਦਿਨ ਹੀ ਪਰਿਕਰਮਾ ਵਿਚ ਬੈਠ ਕੇ ਪਾਠ ਕਰਨ ਤੇ ਗੁਰਬਾਣੀ ਸਰਵਣ ਕਰਨ ਦਾ ਆਦੇਸ਼ ਦੇ ਕੇ ਖਾਲਸਾ ਪੰਥ ਨਾਲ ਧੋਖਾ ਕੀਤਾ ਹੈ, ਜਿਵੇਂ ਜਥੇਦਾਰ ਗੁਰਬਚਨ ਸਿੰਘ ਨੇ ਸੌਦਾ ਸਾਧ ਨੂੰ ਮਾਫ ਕਰ ਕੇ ਕੀਤਾ ਸੀ। ਜਥੇਦਾਰ ਹਰਪ੍ਰਰੀਤ ਸਿੰਘ ਨੂੰ ਵਿਚਾਰ ਲੈਣਾ ਚਾਹੀਦਾ ਹੈ ਕਿ ਉਸ ਸਮੇਂ ਗੁਰਬਚਨ ਸਿੰਘ ਦੇ ਸਿਧਾਂਤ ਹੀਣ ਫੈਸਲੇ ਜੋ ਬਾਦਲਕਿਆਂ ਦੇ ਦਬਾਅ ਅਧੀਨ ਲਏ ਗਏ ਸਨ, ਪੰਥ ਵੱਲੋਂ ਸਵੀਕਾਰ ਨਹੀਂ ਕੀਤੇ ਗਏ। ਹੁਣ ਵੀ ਜਥੇਦਾਰ ਹਰਪ੍ਰਰੀਤ ਸਿੰਘ ਦਾ ਲੰਗਾਹ ਨੂੰ ਮਾਫ ਕਰਨ ਦਾ ਫੈਸਲਾ ਉਸੇ ਤਰਜ ਦਾ ਤੇ ਬਾਦਲਾਂ ਦੇ ਪ੍ਰਭਾਵ ਅਧੀਨ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰਰੀਤ ਸਿੰਘ ਨੂੰ ਗੁਰਬਚਨ ਸਿੰਘ ਵਾਂਗ ਅਸਤੀਫਾ ਦੇਣਾ ਚਾਹੀਦਾ ਹੈ।