ਜਾਗਰਣ ਟੀਮ, ਚੰਡੀਗੜ੍ਹ/ਜਲੰਧਰ :
ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਬਾਅ ਬਣਾ ਕੇ ਕੋਰੋਨਾ ਦੀ ਦੂਜੀ ਲਹਿਰ ਵਿਚ ਜ਼ਰੂਰਤ ਤੋਂ ਚਾਰ ਗੁਣਾ ਜ਼ਿਆਦਾ ਆਕਸੀਜਨ ਲੈਣ ’ਤੇ ਪੰਜਾਬ ’ਚ ਭਾਜਪਾ, ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਨੂੰ ਲੰਮੇਂ ਹੱਥੀਂ ਲਿਆ ਹੈ। ਤਿੰਨੇਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਕੇਜਰੀਵਾਲ ਸਰਕਾਰ ਜੇ ਜ਼ਰੂਰਤ ਤੋਂ ਜ਼ਿਆਦਾ ਆਕਸੀਜਨ ਨਾ ਲਈ ਹੁੰਦੀ ਤਾਂ ਪੰਜਾਬ ’ਚ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਸਨ।
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਪ੍ਰਦੇਸ਼ ਦੇ ਜਨਰਲ ਸਕੱਤਰ ਜੀਵਨ ਗੁਪਤਾ ਤੇ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਕਸੀਜਨ ਸੰਕਟ ਪੈਦਾ ਕਰ ਕੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖੋਹੀ। ਮਲਿਕ ਨੇ ਕਿਹਾ ਕਿ ਕੇਜਰੀਵਾਲ ਨੇ ਆਫਤ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ’ਚ ਕੋਈ ਕਸਰ ਨਹੀਂ ਛੱਡੀ। ਅੰਮ੍ਰਿਤਸਰ ਵਿਚ ਵੀ ਉਨ੍ਹੀਂ ਦਿਨੀਂ ਆਕਸੀਜਨ ਦੀ ਕਮੀ ਕਾਰਨ 6 ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਗਲਤੀ ਕਰ ਕੇ ਮਾਫ਼ੀ ਮੰਗਣਾ ਕੇਜਰੀਵਾਲ ਦੀ ਆਦਤ ਹੈ ਪਰ ਉਨ੍ਹਾਂ ਕਰ ਕੇ ਇਸ ਆਫਤ ਦੀ ਘੜੀ ’ਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਆਤਮਾ ਕਦੇ ਵੀ ਕੇਜਰੀਵਾਲ ਨੂੰ ਮਾਫ਼ ਨਹੀਂ ਕਰੇਗੀ।
ਗੁਪਤਾ ਤੇ ਸ਼ਰਮਾ ਨੇ ਕਿਹਾ ਕਿ ਜਿਸ ਸਮੇਂ ਕੋਰੋਨਾ ਮਹਾਮਾਰੀ ਕਾਰਨ ਆਕਸੀਜਨ ਨੂੰ ਲੈ ਕੇੇ ਹਾਹਾਕਾਰ ਮਚੀ ਹੋਈ ਸੀ, ਉਸ ਸਮਮੇਂ ਕੇਜਰੀਵਾਲ ਤੇ ‘ਆਪ’ ਨੇ ਇਸ ’ਤੇ ਜ਼ਬਰਦਸਤ ਸਿਆਸਤ ਕੀਤੀ। ਸੁਪਰੀਮ ਕੋਰਟ ਵਲੋਂ ਗਠਿਤ ਕਮੇਟੀ ਦੀ ਰਿਪੋਰਟ ਨਾਲ ਕੇਜਰੀਵਾਲ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ। ਜੇਕਰ ਇਹ ਆਕਸੀਜਨ ਦੂਜੇ ਸੂਬਿਆਂ ਵਿਚ ਵਰਤੋਂ ਵਿਚ ਆਉਂਦੀ ਤਾਂ ਕਈ ਲੋਕਾਂ ਦੀ ਜਾਨ ਬੱਚ ਸਕਦੀ ਸੀ। ਇਹ ਕੇਜਰੀਵਾਲ ਦਾ ਗੰਭੀਰ ਅਪਰਾਧ ਹੈ, ਜਿਸ ਦੇ ਲਈ ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾ ਸਕਦਾ। ਗੁਪਤਾ ਨੇ ਨੈਤਿਕਤਾ ਦੇ ਆਧਾਰ ’ਤੇ ਕੇਜਰੀਵਾਲ ਤੋਂ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੂੰ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
ਕੇਜਰੀਵਾਲ ਸਰਕਾਰ ਨੇ ਦੂਜਿਆਂ ਦੀ ਜਾਨ ਖ਼ਤਰੇ ’ਚ ਪਾਈ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਦੇ ਆਕਸੀਜਨ ਸੰਕਟ ਖੜ੍ਹਾ ਕਰਨ ਦੇ ਕਦਮ ਨੂੰ ਗ਼ਲਤ ਤੇ ਦੂਜਿਆਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਵਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਢੁਕਵੀਂ ਮਿਕਦਾਰ ਹੋਣ ਦੇ ਬਾਵਜੂਦ ਦਿੱਲੀ ਦੇ ਹਾਕਮਾਂ ਨੇ ਇਸ ਨੂੰ ਆਪਣੀ ਜ਼ਰੂਰਤ ਤੋਂ ਚਾਰ ਗੁਣਾ ਜ਼ਿਆਦਾ ਦੱਸ ਕੇ ਦੂਜੇ ਸੂਬਿਆਂ ਦੀ ਆਕਸੀਜਨ ਆਪਣੇ ਕੋਲ ਰੱਖ ਲਈ। ਕਿਸੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਕੰਮ ਚੰਗਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਕਿੰਨੇ ਹੀ ਅਜਿਹੇ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਜਿਹੜੇ ਆਕਸੀਜਨ ਦੀ ਘਾਟ ਕਾਰਨ ਚਲੇ ਗਏ। ਪੰਜਾਬ ਨੂੰ ਆਕਸੀਜਨ ਲਈ ਝਾਰਖੰਡ ਤਕ ਰੇਲਗੱਡੀਆਂ ਤੇ ਟਰੱਕਾਂ ਦੇ ਜ਼ਰੀਏ ਆਕਸੀਜਨ ਲਿਆਉਣ ਲਈ ਮਜਬੂਰ ਹੋਣਾ ਪਿਆ
ਪੰਜਾਬ ਨੂੰ 1600 ਕਿਲੋਮੀਟਰ ਦੂਰੋਂ ਆਕਸੀਜਨ ਮੰਗਾਉਣੀ ਪਈ: ਜਾਖੜ
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹਰ ਵਿਅਕਤੀ ਦੀ ਜਾਨ ਕੀਮਤੀ ਸੀ। ਪਹਿਲਾਂ ਕੇਂਦਰ ਸਰਕਾਰ ਨੇ ਆਕਸੀਜਨ ਦੀ ਘਾਟ ਦੂਰ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਜਿਹੜੀ ਥੋੜ੍ਹੀ ਬਹੁਤ ਆਕਸੀਜਨ ਸੀ, ਉਸ ਵਿਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਗ਼ਲਤ ਅੰਕੜੇ ਦੇ ਕੇ ਦੂਜੇ ਸੂਬਿਆਂ ਦੇ ਲੋਕਾਂ ਦੀ ਜਾਨ ਨੂੰ ਵੀ ਖਤਰੇ ਵਿਚ ਪਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੀ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 1600 ਕਿਲੋਮੀਟਰ ਦੂਰ ਬੋਕਾਰੋ ਤੋਂ ਆਕਸੀਜਨ ਮੰਗਵਾਉਣੀ ਪਈ। ਜੇਕਰ ਦਿੱਲੀ ਸਰਕਾਰ ਆਪਣੀ ਜ਼ਰੂਰਤ ਦੇ ਮੁਤਾਬਕ ਹੀ ਆਕਸੀਜਨ ਲੈਂਦੀ ਤਾਂ ਹੋਰਨਾਂ ਸੂਬਿਆਂ ਦੇ ਮਰੀਜ਼ਾਂ ਦੀ ਜਾਨ ਵੀ ਬਚਾਈ ਜਾ ਸਕਦੀ ਸੀ।