ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜ਼ਿਲ੍ਹੇ ਵਿਚ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਰੁਜ਼ਗਾਰ ਉਤਪਤੀ ਪੋ੍ਗਰਾਮ ਤਹਿਤ 7 ਦਸੰਬਰ ਨੂੰ ਵਿਸ਼ੇਸ਼ ਕੈਂਪ ਲਾ ਕੇ ਸਬਸਿਡੀ 'ਤੇ 50 ਲੱਖ ਰੁਪਏ ਤਕ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਇਹ ਕੈਂਪ 7 ਦਸੰਬਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤਕ ਸਮਾਰਟ ਕਿਡਜ਼ ਸਕੂਲ, 418 ਕਾਲੀਆ ਕਾਲੋਨੀ ਵਿਖੇ ਲਾਇਆ ਜਾਵੇਗਾ ਜਿਥੇ ਜ਼ਿਲ੍ਹਾ ਉਦਯੋਗ ਕੇਂਦਰ ਅਤੇ ਬੈਂਕਾਂ ਦੇ ਅਧਿਕਾਰੀ ਮੌਜੂਦ ਰਹਿਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਬੇਰੁਜ਼ਗਾਰ ਨੌਜਵਾਨ ਕੈਂਪ ਵਿਚ ਹਿੱਸਾ ਲੈ ਕੇ ਸਰਕਾਰ ਵੱਲੋਂ ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਸਕੀਮ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਉਦਯੋਗ ਨੂੰ ਸਥਾਪਿਤ ਕਰਨ ਲਈ 50 ਲੱਖ ਰੁਪਏ ਤਕ ਦੇ ਕਰਜ਼ੇ ਅਤੇ ਸਰਵਿਸ ਯੂਨਿਟ ਲਈ 20 ਲੱਖ ਰੁਪਏ ਤਕ ਦੇ ਕਰਜ਼ੇ ਦੀ ਸਹੂਲਤ ਹੈ, ਜਿਸ 'ਤੇ 15 ਤੋਂ 35 ਫ਼ੀਸਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਜਨਰਲ ਵਰਗ ਲਈ ਸ਼ਹਿਰੀ ਖੇਤਰ ਵਿਚ 15 ਫ਼ੀਸਦੀ ਅਤੇ ਪੇਂਡੂ ਖੇਤਰ ਵਿਚ 25 ਫ਼ੀਸਦੀ ਸਬਸਿਡੀ ਦੀ ਸਹੂਲਤ ਹੈ। ਇਸੇ ਤਰ੍ਹਾਂ ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ, ਪੱਛੜੀਆਂ ਸ਼ੇ੍ਣੀਆਂ, ਘੱਟ ਗਿਣਤੀ, ਇਸਤਰੀ ਅਤੇ ਅੰਗਹੀਣ ਬਿਨੈਕਾਰਾਂ ਲਈ ਸ਼ਹਿਰੀ ਖੇਤਰ ਵਿਚ 25 ਫੀਸਦੀ ਅਤੇ ਪੇਂਡੂ ਖੇਤਰ ਵਿਚ 35 ਫ਼ੀਸਦੀ ਸਬਸਿਡੀ ਦੀ ਸਹੂਲਤ ਮੌਜੂਦ ਹੈ।