ਗਿਆਨ ਸੈਦਪੁਰੀ, ਸ਼ਾਹਕੋਟ : ਪੈਸੇ ਦੀ ਦੌਡ਼ ਦੇ ਅਜੋਕੇ ਦੌਰ ਵਿਚ ਹਵਾ, ਪਾਣੀ ਤੇ ਜ਼ਮੀਨ ਪ੍ਰਦੂਸ਼ਤ ਹੋ ਚੁੱਕੇ ਹਨ। ਇਨ੍ਹਾਂ ਕਾਰਨਾਂ ਕਰ ਕੇ ਮਨੁੱਖਾਂ ਵਿਚ ਬਿਮਾਰੀਆਂ ਵੱਧ ਰਹੀਆਂ ਹਨ। ਮਨੁੱਖ ਹੀ ਇਨ੍ਹਾਂ ਬਿਮਾਰੀਆਂ ਨੂੰ ਖ਼ਤਮ ਕਰ ਸਕਦਾ ਹੈ, ਸਿਰਫ਼ ਫ਼ਸਲਾਂ ਵਿਚ ਫੇਰਬਦਲ ਕਰਨਾ ਇੱਕੋ ਇਕ ਹੱਲ ਹੈ। ਦੋਆਬਾ ਖੇਤਰ ਵਿਚ ਪਿਛਲੇ ਸਾਲ ਤੋਂ ਮੂੰਗੀ ਪੈਦਾ ਕਰਨ ਦਾ ਰੁਝਾਨ ਸ਼ੁਰੂ ਹੋਇਆ ਸੀ ਤੇ ਇਸ ਵਾਰ ਜ਼ਿਲ੍ਹੇ ਵਿਚ ਕਿਸਾਨਾਂ ਨੇ ਕਰੀਬ 750 ਏਕਡ਼ ਵਿਚ ਮੂੰਗੀ ਦੀ ਬਿਜਾਈ ਕੀਤੀ ਹੈ।
ਸਬ-ਡਵੀਜ਼ਨ ਸ਼ਾਹਕੋਟ ਦੇ ਪਿੰਡ ਚੱਕ ਚੇਲਾ ਦੇ ਅਗਾਂਹਵਧੂ ਕਿਸਾਨ ਨੇ ਇਸ ਵਾਰ ਸੱਠੀ ਮੂੰਗੀ ਦੇ ਸੱਠ ਤੋਂ ਵੱਧ ਖੇਤਾਂ ਵਿਚ ਨਵਾਂ ਤਜਰਬਾ ਕੀਤਾ ਹੈ। ਕਿਸਾਨ ਜੋਗਾ ਸਿੰਘ ਪਿੰਡ ਦਾ ਸਰਪੰਚ ਹੈ ਤੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਸੱਥ ਦਾ ਸਾਥੀ ਵੀ ਹੈ। ਜੋਗਾ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਤਜਰਬੇ ਵਿਚ ਸਫਲ ਹੋਵੇਗਾ। ਪਿਛਲੇ ਸਾਲ ਉਨ੍ਹਾਂ ਨੇ ਚਾਰ ਏਕਡ਼ ਵਿਚ ਸੱਠੀ ਮੂੰਗੀ ਪੈਦਾ ਕੀਤੀ ਸੀ। ਉਸ ਵੇਲੇ ਪ੍ਰਤੀ ਏਕਡ਼ 6 ਕੁਇੰਟਲ ਝਾਡ਼ ਨਿਕਲਿਆ ਸੀ। ਜਗਰਾਓਂ ਦੀ ਮੰਡੀ ਵਿਚ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਮੂੰਗੀ ਦਾ ਭਾਅ ਲੱਗਾ ਸੀ। ਇਸ ਵਾਰ ਉਨ੍ਹਾਂ ਨੇ ਕਰੀਬ 65 ਏਕਡ਼ ਜ਼ਮੀਨ ਵਿਚ ਮੂੰਗੀ ਬੀਜੀ ਹੈ। ਆਸ ਹੈ ਕਿ ਝਾਡ਼ 7 ਤੋਂ 8 ਕੁਇੰਟਲ ਤਕ ਨਿਕਲ ਆਵੇਗਾ।
ਇਸ ਸਬੰਧ ਵਿਚ ਖੇਤੀਬਾਡ਼ੀ ਵਿਕਾਸ ਅਫਸਰ ਸ਼ਾਹਕੋਟ ਜਸਵੀਰ ਸਿੰਘ ਨੇ ਮੂੰਗੀ ਦੀ ਫ਼ਸਲ ਬਾਰੇ ਦੱਸਦਿਆਂ ਕਿਹਾ ਕਿ ਲੋਡ਼ੀਂਦਾ ਨਾਈਟ੍ਰੋਜਨ ਤੱਤ ਇਹ ਫ਼ਸਲ ਹਵਾ ਤੋਂ ਪ੍ਰਾਪਤ ਕਰ ਲੈਂਦੀ ਹੈ। ਨਾਈਟ੍ਰੋਜਨ ਤੱਤ ਯੂਰੀਆ ਤੋਂ ਮਿਲਦਾ ਹੈ, ਇਸ ਲਈ ਮੂੰਗੀ ਨੂੰ ਯੂਰੀਆ ਖਾਦ ਦੀ ਲੋਡ਼ ਨਹੀਂ ਰਹਿੰਦੀ। ਮੂੰਗੀ ਦੀ ਫ਼ਸਲ ਜ਼ਮੀਨ ਦੀ ਸਿਹਤ ਸੁਧਾਰਨ ਵਿਚ ਸਹਾਈ ਹੁੰਦੀ ਹੈ ਜੋ ਕਿ ਅਜੋਕੇ ਦੌਰ ਦੀ ਲੋਡ਼ ਹੈ। ਖੇਤੀਬਾਡ਼ੀ ਅਧਿਕਾਰੀ ਨੇ ਹੋਰ ਦੱਸਿਆ ਕਿ ਸੱਠੀ ਮੂੰਗੀ ਤੋਂ ਬਾਅਦ ਪੀਆਰ 126 ਝੋਨਾ ਲਾਇਆ ਜਾ ਸਕਦਾ ਹੈ। ਝੋਨੇ ਦੀ ਇਹ ਪਿਛੇਤੀ ਕਿਸਮ ਹੈ ਜੋ 120?22 ਦਿਨਾਂ ਵਿਚ ਪੱਕ ਜਾਦਾ ਹੈ। ਝੋਨੇ ਦੀ ਇਹ ਕਿਸਮ ਪਾਣੀ ਵੀ ਘੱਟ ਮੰਗਦੀ ਹੈ।
ਬਸੰਤ ਰੁੱਤ ਮੱਕੀ ਦੇ ਉਲਟ ਮੂੰਗੀ ਨੂੰ ਬਹੁਤ ਘੱਟ ਪਾਣੀ ਦੀ ਲੋਡ਼
ਜੋਗਾ ਸਿੰਘ ਨੇ ਦੱਸਿਆ ਕਿ ਆਲੂ ਦੀ ਫ਼ਸਲ ਪੁੱਟਣ ਤੋਂ ਬਾਅਦ ਉਹ ਮੱਕੀ ਬੀਜਿਆ ਕਰਦੇ ਸਨ। ਮੱਕੀ ਦੀ ਫ਼ਸਲ ਝੋਨੇ ਨਾਲੋਂ ਵੀ ਵੱਧ ਪਾਣੀ ਲੈਦੀ ਹੈ। ਮੱਕੀ ਨੂੰ ਪੱਕਣ ਤਕ 25-30 ਪਾਣੀ ਲਾਉਣੇ ਪੈਂਦੇ ਹਨ। ਇਸ ਦੇ ਉਲਟ ਸੱਠੀ ਮੂੰਗੀ ਨੂੰ ਸਿਰਫ ਤਿੰਨ ਪਾਣੀ ਲੱਗਦੇ ਹਨ। ਇਸ ਦੇ ਨਾਲ ਹੀ ਮੂੰਗੀ ਦੀ ਫ਼ਸਲ ਨੂੰ ਖਾਦ ਤੇ ਦਵਾਈ ਦੀ ਬਹੁਤੀ ਲੋਡ਼ ਨਹੀਂ ਪੈਦੀ। ਆਲੂ ਪੁੱਟਣ ਤੋਂ ਬਾਅਦ ਧਰਤੀ ਵਿਚ ਏਨੇ ਕਿ ਖੁਰਾਕੀ ਤੱਤ ਮੌਜੂਦ ਰਹਿੰਦੇ ਹਨ, ਜੋ ਮੂੰਗੀ ਦੀ ਖੁਰਾਕ ਦੀ ਪੂਰਤੀ ਕਰ ਦਿੰਦੇ ਹਨ।
ਮੂੰਗੀ ’ਤੇ ਐੱਮਐੱਸਪੀ ਐਲਾਨੇ ਜਾਣ ਨਾਲ ਵਧਿਆ ਉਤਸ਼ਾਹ
ਪਿੱਛੇ ਜਿਹੇ ਪੰਜਾਬ ਸਰਕਾਰ ਵੱਲੋਂ ਮੂੰਗੀ ਦਾ ਸਮਰਥਨ ਮੁੱਲ ਦੇਣ ਦੇ ਐਲਾਨ ਨਾਲ 7275 ਰੁਪਏ ਪ੍ਰਤੀ ਕੁਇੰਟਲ ਮਿਲਣ ਦੀ ਆਸ ਬੱਝ ਗਈ ਹੈ। ਇਸ ਨਾਲ ਕਿਸਾਨਾਂ ਵਿਚ ਸੱਠੀ ਮੂੰਗੀ ਬੀਜਣ ਲਈ ਉਤਸ਼ਾਹ ਵਧਿਆ ਹੈ। ਖੇਤੀਬਾਡ਼ੀ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਡਾ. ਨਰੇਸ਼ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਇਸ ਸਾਲ 750 ਏਕਡ਼ ਰਕਬੇ ਵਿਚ ਮੂੰਗੀ ਦੀ ਬਿਜਾਈ ਕੀਤੀ ਗਈ ਹੈ। ਵਿਭਾਗ ਵੱਲੋਂ ਪਿਛਲੇ ਚਾਰ ਸਾਲ ਤੋਂ ਕਿਸਾਨਾਂ ਨੂੰ ਮੂੰਗੀ ਦੀ ਬਿਜਾਈ ਲਈ ਉਤਸ਼ਾਹਤ ਕਰਨ ਵਾਸਤੇ ਮੁਫਤ ਬੀਜ ਵੰਡਿਆ ਜਾ ਰਿਹਾ ਹੈ। ਇਸ ਵਾਰ ਖੇਤੀਬਾਡ਼ੀ ਵਿਭਾਗ ਵੱਲੋਂ ਮੂੰਗੀ ਹੇਠਲਾ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ। ਉਸ ਦਾ ਅਸਰ ਹੋਇਆ ਤੇ ਮੂੰਗੀ ਹੇਠਾਂ ਰਕਬਾ ਇਸ ਵਾਰ ਵਧਿਆ ਹੈ। ਇਸ ਸਾਲ ਕਰੀਬ 650 ਕਿੱਟਾਂ ਵੰਡੀਆਂ ਗਈਆਂ ਹਨ। ਇਕ ਕਿੱਟ ਵਿਚ ਚਾਰ ਕਿੱਲੋ ਬੀਜ ਹੁੰਦਾ ਹੈ ਤੇ ਪ੍ਰਤੀ ਏਕਡ਼ 12 ਕਿੱਲੋ ਬੀਜ ਦੀ ਲੋਡ਼ ਹੁੰਦੀ ਹੈ।