ਲਵਦੀਪ ਬੈਂਸ, ਪਤਾਰਾ : ਪਿੰਡ ਜੈਤੇਵਾਲੀ ਦੇ ਵਿਕਾਸ ਕਾਰਜਾਂ ਅਤੇ ਆਉਣ ਵਾਲੇ ਦਿਨਾਂ 'ਚ ਪਿੰਡ 'ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਰਛਪਾਲ ਸਿੰਘ ਫੌਜੀ ਦੀ ਅਗਵਾਈ ਹੇਠ ਗ੍ਰਾਮ ਸਭਾ ਆਮ ਇਜਲਾਸ ਕੀਤਾ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨ ਪਹੁੰਚੇ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਕਿਸ਼ੋਰ ਕੁਮਾਰ ਤੇ ਆਈਸੀਐੱਸ ਰੋਹਿਤ ਸਿੱਧੂ ਨੇ ਮੌਜੂਦ ਨਗਰ ਨਿਵਾਸੀਆਂ ਨੂੰ ਹਰ ਘਰ ਵਿਚ ਪਾਣੀ ਦਾ ਇਸਤੇਮਾਲ ਸੂਝ-ਬੂਝ ਨਾਲ ਕਰਨ ਅਤੇ ਪਾਣੀ ਦੇ ਬਿੱਲ ਸਮੇਂ ਸਿਰ ਅਦਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤ ਦਾ ਅਨਮੋਲ ਖਜ਼ਾਨਾ ਹੈ ਅਤੇ ਦਿਨ ਬ ਦਿਨ ਡਿੱਗਦਾ ਜਾ ਰਿਹਾ ਇਸ ਦਾ ਪੱਧਰ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ, ਇਸ ਲਈ ਸਾਨੂੰ ਪਾਣੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ।
'ਪੰਜਾਬੀ ਜਾਗਰਣ' ਨਾਲ ਗੱਲਬਾਤ ਕਰਦਿਆਂ ਸਰਪੰਚ ਰਛਪਾਲ ਸਿੰਘ ਫੌਜੀ ਨੇ ਦੱਸਿਆ ਕਿ ਇਜਲਾਸ ਦੌਰਾਨ ਨਗਰ ਨਿਵਾਸੀਆਂ ਨਾਲ ਪਿਛਲੇ ਛੇ ਮਹੀਨਿਆਂ ਦਾ ਲੇਖਾ-ਜੋਖਾ ਸਾਂਝਾ ਕੀਤਾ ਅਤੇ ਆਉਣ ਵਾਲੇ ਦਿਨਾਂ 'ਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਕਮਿਊਨਿਟੀ ਹਾਲ ਦਾ ਕੰਮ ਪੂਰਾ ਕਰਵਾਉਣ, ਨੌਜਵਾਨਾਂ ਲਈ ਮਾਡਰਨ ਖੇਡ ਮੈਦਾਨ ਬਣਾਉਣ, ਇਸਾਈ ਤੇ ਗੁੱਜਰ ਭਾਈਚਾਰੇ ਲਈ ਵੱਖਰਾ ਕਬਰਿਸਤਾਨ ਬਣਵਾਉਣ, ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਬਣਾਉਣ ਅਤੇ ਜ਼ਿਮੀਂਦਾਰ ਭਾਈਚਾਰੇ ਵੱਲੋਂ ਡੇਰਿਆਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਜਲਦ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀਆਂ ਇਹ ਮੰਗਾਂ ਗ੍ਰਾਮ ਸਭਾ ਦੌਰਾਨ ਸਰਬਸੰਮਤੀ ਨਾਲ ਪਾਸ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਬੀਡੀਪੀਓ ਦਫਤਰ ਨਾਲ ਰਾਬਤਾ ਕਰ ਜਲਦ ਤੋਂ ਜਲਦ ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਉਪਰਾਲਾ ਕਰਨਗੇ। ਇਸ ਮੌਕੇ ਏਈ ਪੰਚਾਇਤੀ ਰਾਜ ਰਾਜ ਕੁਮਾਰ, ਜੀਆਰਐਸ ਰਵਿੰਦਰਜੀਤ ਸਿੰਘ, ਪੰਚ ਵਿਨੋਦ ਕੁਮਾਰ, ਪੰਚ ਧਰਮਵੀਰ ਜੌਨੀ, ਪੰਚ ਸੁਰਿੰਦਰ ਕੌਰ, ਪੰਚ ਬੀਰੋ, ਪੰਚ ਨੀਲਮ ਰਾਣੀ ਅਤੇ ਪੰਚ ਊਸ਼ਾ ਰਾਣੀ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।