ਜਤਿੰਦਰ ਪੰਮੀ, ਜਲੰਧਰ : ਜ਼ਿਲ੍ਹੇ ਦੇ ਬਲਾਕ ਭੋਗਪੁਰ ਅਧੀਨ ਪੈਂਦੇ ਪਿੰਡ ਬੁੱਲ੍ਹੋਵਾਲ 'ਚ ਪੰਚਾਇਤੀ ਜ਼ਮੀਨ 'ਤੇ ਸੇਵਾਮੁਕਤ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਦੇ ਪੁੱਤਰ ਤੇਜਿੰਦਰ ਸਿੰਘ ਨੇ ਨਾਜਾਇਜ਼ ਕਬਜ਼ਾ ਕਰ ਕੇ ਕਿੰਨੂਆਂ ਦਾ ਬਾਗ ਲਾਇਆ ਹੋਇਆ ਸੀ। ਇਸ ਬਾਗ ਜ਼ਰੀਏ ਉਸ ਨੂੰ ਖਾਸੀ ਕਮਾਈ ਵੀ ਹੋ ਰਹੀ ਸੀ ਪਰ ਇਸ ਵਾਰ ਉਹ ਆਮਦਨੀ ਤੋਂ ਵਾਂਝਾ ਰਹੇਗਾ। ਅਜਿਹਾ ਨਹੀਂ ਹੈ ਕਿ ਨਾਜਾਇਜ਼ ਕਬਜ਼ਾ ਕਰ ਕੇ ਵਿਕਸਿਤ ਕੀਤਾ ਗਿਆ ਬਾਗ ਇਸ ਵਾਰ ਅਣਗੌਲਿਆ ਜਾਵੇਗਾ, ਬਲਕਿ ਪਹਿਲਾਂ ਵਾਂਗ ਹੀ ਬਾਗ 'ਚ ਕਿੰਨੂ ਦੀ ਫਸਲ ਤਿਆਰ ਹੋ ਰਹੀ ਹੈ ਪਰ ਇਸ ਦੀ ਨਿਲਾਮੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਈ ਜਾਵੇਗੀ ਕਿਉਂਕਿ ਪ੍ਰਸ਼ਾਸਨ ਨੇ ਇਹ ਜ਼ਮੀਨ ਕਬਜ਼ਾਮੁਕਤ ਕਰਵਾ ਲਈ ਹੈ।
ਦੱਸਣਯੋਗ ਹੈ ਕਿ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਜ਼ਮੀਨਾਂ 'ਤੇ ਹੋਏ ਨਾਜਾਇਜ਼ ਕਬਜ਼ੇ ਛੁਡਵਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਇਸ ਲਈ ਸੂਬੇ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੰਚਾਇਤ ਵਿਭਾਗ ਦੀ ਮਦਦ ਨਾਲ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਹਿਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ 'ਚ ਚਲਾਈ ਜਾ ਰਹੀ ਕਬਜ਼ਾਮੁਕਤ ਮੁਹਿੰਮ ਤਹਿਤ ਹੀ ਉਕਤ ਬਾਗ ਵਾਲੀ ਜ਼ਮੀਨ ਵੀ ਖਾਲੀ ਕਰਵਾਈ ਗਈ ਹੈ। ਇਸ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਉਣ 'ਚ ਪਿੰਡ ਦੇ ਸਰਪੰਚ ਦੀ ਭੂਮਿਕਾ ਵੀ ਅਹਿਮ ਰਹੀ ਹੈ। ਸਰਪੰਚ ਗਿਆਨ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਰੀਬ ਸੱਤ ਸਾਲ ਤਕ ਉਕਤ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਕਾਨੂੰਨੀ ਲੜਾਈ ਲੜੀ ਸੀ, ਜਿਸ ਦੌਰਾਨ ਪਿਛਲੇ ਸਾਲ ਹੀ ਅਦਾਲਤ ਨੇ ਪੰਚਾਇਤ ਦੇ ਹੱਕ 'ਚ ਫੈਸਲਾ ਦਿੱਤਾ ਸੀ। ਅਦਾਲਤੀ ਫੈਸਲੇ ਦੇ ਬਾਵਜੂਦ ਵੀ ਕਾਬਜ਼ਕਾਰ ਨੇ ਕਬਜ਼ਾ ਨਹੀਂ ਛੱਡਿਆ ਸੀ, ਜਿਸ ਨੂੰ ਹੁਣ ਪ੍ਰਸ਼ਾਸਨ ਨੇ ਖਾਲੀ ਕਰਵਾਇਆ ਹੈ।
ਬਾਗਬਾਨੀ ਵਿਭਾਗ ਨੇ ਬਾਗ ਦਾ ਕੀਤਾ ਮੁਲਾਂਕਣ
12 ਏਕੜ 'ਚ ਲਾਏ ਗਏ ਇਸ ਬਾਗ ਦਾ ਮੁਲਾਂਕਣ ਬਾਗਬਾਨੀ ਵੱਲੋਂ ਕੀਤਾ ਗਿਆ, ਜਿਸ ਨੂੰ ਇਸ ਦੀ ਕੀਮਤ 11 ਲੱਖ ਰੁਪਏ ਨਿਰਧਾਰਤ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਬਾਗ 'ਚ ਵਿਕਸਿਤ ਕੀਤੀ ਗਈ ਕਿੰਨੂ ਦੀ ਫ਼ਸਲ ਸਬੰਧੀ ਬਾਗਬਾਨੀ ਵਿਭਾਗ ਨੇ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਲਾਂਕਣ ਕੀਤਾ ਹੈ। ਇਸ ਸਬੰਧੀ ਡੀਡੀਪੀਓ ਇਕਬਾਲਜੀਤ ਸਿੰਘ ਦਾ ਦੱਸਣਾ ਹੈ ਕਿ ਨਿਲਾਮੀ ਰਾਹੀਂ ਹੋਣ ਵਾਲੀ ਆਮਦਨ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਈ ਜਾਵੇਗੀ।
ਜ਼ਿਲ੍ਹੇ 'ਚ 1000 ਏਕੜ ਪੰਚਾਇਤੀ ਜ਼ਮੀਨ 'ਤੇ ਹਨ ਨਾਜਾਇਜ਼ ਕਬਜ਼ੇ
ਜ਼ਿਲ੍ਹੇ 'ਚ ਕਰੀਬ 1000 ਏਕੜ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹਨ। ਇਹ ਕਬਜ਼ੇ ਛੁਡਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ। ਹਾਲਾਂਕਿ ਇਸ 'ਚੋਂ 200 ਏਕੜ ਜ਼ਮੀਨ ਦੇ ਕੇਸ ਹਾਲੇ ਅਦਾਲਤਾਂ 'ਚ ਵਿਚਾਰ ਅਧੀਨ ਹਨ, ਜੋ ਕਿ ਵਿਭਾਗ ਲਈ ਚੁਣੌਤੀ ਬਣ ਰਹੇ ਹਨ। ਇਸ ਦੇ ਬਾਵਜੂਦ ਹੁਣ ਤਕ 100 ਏਕੜ ਜ਼ਮੀਨ ਕਬਜ਼ਾਮੁਕਤ ਕਰਵਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ 543 ਏਕੜ ਜ਼ਮੀਨ ਦੀ ਨਿਸ਼ਾਨੀ ਕੀਤੀ ਜਾ ਚੁੱਕੀ ਹੈ।