ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਡੀਸੀ ਦਫਤਰ ਅੰਦਰ ਅਣਮਿੱਥੇ ਸਮੇਂ ਲਈ ਧਰਨਾ ਦੇ ਰਹੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਘਰਸ਼ ਦੇ ਨਵੇਂ ਉਲੀਕੇ ਗਏ ਪੋ੍ਗਰਾਮਾਂ ਤਹਿਤ ਸੋਮਵਾਰ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮੰਗ ਪੱਤਰ ਦਿੱਤਾ ਗਿਆ। ਜੱਥੇਬੰਦੀ ਦੇ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ 'ਚ ਜ਼ਿਲ੍ਹਾ ਕਮੇਟੀ ਵੱਲੋ ਲੋਕ ਸਭਾ ਦੇ ਸਰਦ ਰੁੱਤ ਦੇ ਇਜਲਾਸ ਸ਼ੁਰੂ ਹੋਣ ਤੋਂ ਪਹਿਲਾ ਸੰਸਦ ਮੈਂਬਰ ਨੂੰ ਲੋਕਾਂ ਦੀਆਂ ਹੱਕੀ ਮੰਗਾਂ ਦਾ ਮੰਗ ਪੱਤਰ ਸੌਂਪ ਕੇ ਚੇਤਾ ਕਰਵਾਇਆ ਗਿਆ। ਆਗੂਆਂ ਨੇ ਕਿਹਾ ਕਿ ਲੋਕਾਂ ਨੇ ਤੁਹਾਡੇ 'ਤੇ ਵਿਸ਼ਵਾਸ ਪ੍ਰਗਟਾ ਕੇ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਹੈ। ਇਸ ਕਰਕੇ ਉਨ੍ਹਾਂ ਲੱਖਾਂ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੇ ਹੋਏ ਇਜਲਾਸ 'ਚ ਉਨ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇ। ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਵੱਲੋਂ ਕਿਸਾਨ ਆਗੂਆਂ ਨੂੰ ਸ਼ੁਰੂ ਹੋਣ ਵਾਲੇ ਇਜਲਾਸ ਵਿਚ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਜ਼ੋਰਦਾਰ ਢੰਗ ਨਾਲ ਰੱਖਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਸੰਗਠਨ ਸਕੱਤਰ ਗੁਰਮੇਲ ਸਿੰਘ ਰੇੜਵਾਂ, ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਰਾਮੇ, ਜ਼ਿਲ੍ਹਾ ਪ੍ਰਰੈੱਸ ਸਕੱਤਰ ਹਰਪ੍ਰਰੀਤ ਸਿੰਘ ਕੋਟਲੀ ਗਾਜਰਾਂ, ਜ਼ਿਲ੍ਹਾ ਖਜ਼ਾਨਚੀ ਜਗਦੀਸ਼ ਪਾਲ ਸਿੰਘ ਖ਼ਾਲਸਾ ਚੱਕ ਬਾਹਮਣੀਆਂ, ਮੀਤ ਖਜ਼ਾਨਚੀ ਰਜਿੰਦਰ ਸਿੰਘ ਨੰਗਲ ਅੰਬੀਆਂ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਰਾਈਵਾਲ ਤੇ ਜ਼ਿਲ੍ਹੇ ਕਮੇਟੀ ਦੇ ਹੋਰ ਵੀ ਆਗੂ ਮੌਜੂਦ ਸਨ। ਇਸੇ ਦੌਰਾਨ ਕਿਸਾਨਾਂ ਦਾ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਅੰਦਰ ਚੱਲ ਰਿਹਾ ਅਣਮਿੱਥੇ ਸਮੇਂ ਦਾ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਦੌਰਾਨ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ਦੀਆ ਹੱਕੀ ਮੰਗਾਂ ਮੰਨਣ ਦੀ ਮੰਗ ਕੀਤੀ।