ਮਾਮਲਾ: ਰੇਤ ਮਾਫ਼ੀਆ ਨਾਲ ਰਲ਼ ਕੇ ਨਾਜਾਇਜ਼ ਮਾਇਨਿੰਗ ਕਰਵਾਉਣ ਤੇ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਹਮਲਾ ਕਰਵਾਉਣ ਦਾ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕਿਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਝੰਡੀ ਪੀਰ ਕਡਿਆਣਾ ਤੇ ਸੇਲਕੀਆਣਾ ਫਿਲੌਰ ਵਿਖੇ ਇਕ ਰੇਤ ਮਾਫੀਆ ਨੂੰ ਰੇਤਾਂ ਦੀ ਨਾਜਾਇਜ਼ ਖੁਦਾਈ ਕਰਨ ਦਾ ਵਿਰੋਧ ਕਰਨ ਵਾਲੇ ਲੋਕਾਂ ਉੱਪਰ ਨਹਿਰੀ ਵਿਭਾਗ ਦੇ ਅਧਿਕਾਰੀ ਦੀ ਹਾਜ਼ਰੀ ਵਿਚ ਹਮਲਾ ਕਰਵਾਉਣ ਵਾਲੇ ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ ਫਗਵਾੜਾ ਮੰਡਲ ਜਲੰਧਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ 24 ਜਨਵਰੀ ਨੂੰ ਨਹਿਰੀ ਵਿਭਾਗ ਦੇ ਕਪੂਰਥਲਾ ਚੌਂਕ ਨਜ਼ਦੀਕ ਸਥਿਤ ਜਲੰਧਰ ਦਫ਼ਤਰ ਅੱਗੇ ਧਰਨਾ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਕਿਹਾ ਕਿ ਰੇਤ ਮਾਫੀਆ ਨੂੰ ਖ਼ਤਮ ਕਰਨ ਦੇ ਮੌਕੇ ਦੀ ਹਕੂਮਤ ਦੇ ਐਲਾਨ 'ਤੇ ਦਾਅਵੇ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਕਾਰਜਕਾਰੀ ਇੰਜੀਨੀਅਰ ਨਹਿਰੀ ਵਿਭਾਗ ਫਗਵਾੜਾ ਮੰਡਲ ਜਲੰਧਰ ਝੰਡੀ ਪੀਰ ਕਡਿਆਣਾ ਤੇ ਸੇਲਕੀਆਣਾ ਵਿਖੇ ਸਤਲੁਜ ਦਰਿਆ 'ਚੋਂ ਪਾਣੀ ਦੇ ਸਿੱਧੇ ਚੱਲ ਰਹੇ ਵਹਾਅ ਨੂੰ ਬੰਨ੍ਹ ਮਾਰ ਕੇ ਹਾਈਕੋਰਟ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਕੇ ਜੇਸੀਪੀ ਮਸ਼ੀਨਾਂ ਤੇ ਟਿੱਪਰ ਲਗਾ ਕੇ ਕਰਵਾਈ ਜਾ ਰਹੀ ਨਜਾਇਜ਼ ਖੁਦਾਈ ਅਤੇ ਝੰਡੀਪੀਰ ਕਡਿਆਣਾ ਵਿਖੇ ਪੰਚਾਇਤੀ ਜ਼ਮੀਨ 'ਚੋਂ ਕਰਵਾਈ ਜਾ ਰਹੀ ਨਜਾਇਜ਼ ਖੁਦਾਈ ਦਾ ਕਿਸਾਨਾਂ-ਮਜ਼ਦੂਰਾਂ ਵਲੋਂ ਡੱਟ ਕੇ ਕਈ ਵਿਰੋਧ ਕਰਨ ਉਪਰੰਤ ਐੱਸਡੀਐੱਮ ਅਤੇ ਡੀਐੱਸਪੀ ਫਿਲੌਰ ਨੇ ਉੱਚ ਅਧਿਕਾਰੀਆਂ ਦੇ ਦਖ਼ਲ ਉਪਰੰਤ ਨਜਾਇਜ਼ ਰੇਤ ਮਾਈਨਿੰਗ ਨੂੰ ਬੰਦ ਕਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ 'ਤੇ ਹਜ਼ਾਰਾਂ ਏਕੜ ਉਪਜਾਊ ਜ਼ਮੀਨਾਂ ਜਿੱਥੇ ਬੰਜ਼ਰ ਬਣਨ ਤੇ ਪਿੰਡਾਂ ਦੇ ਪਿੰਡ ਉਜੜਨ ਦਾ ਖਦਸ਼ਾ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਨਹਿਰੀ ਵਿਭਾਗ ਵਿਚ ਬੈਠੀ ਕਾਲੀ ਭੇਡ ਕਾਰਜਕਾਰੀ ਇੰਜੀਨੀਅਰ ਫਗਵਾੜਾ ਮੰਡਲ ਜਲੰਧਰ ਰੇਤ ਮਾਫੀਆ ਨਾਲ ਮਿਲੀਭੁਗਤ ਕਰਕੇ ਨਜਾਇਜ਼ ਖੁਦਾਈ ਤੋਂ ਬਾਜ਼ ਨਹੀਂ ਆ ਰਿਹਾ।