ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਬੀਪੀਈਓ ਸ਼ਾਹਕੋਟ-2 ਦੀ ਅਣਗਹਿਲੀ ਕਾਰਨ ਬਲਾਕ ਦੇ ਪੰਜ ਪ੍ਰਰਾਇਮਰੀ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ, ਜਿਸ ਕਾਰਨ ਸਕੂਲਾਂ ਵਿਚ ਹਨੇਰਾ ਛਾ ਗਿਆ ਹੈ। ਗੌਰਮਿੰਟ ਟੀਚਰ ਯੂਨੀਅਨ (ਵਿਗਿਆਨਕ) ਬਲਾਕ ਪ੍ਰਧਾਨ ਰਮਨ ਗੁਪਤਾ ਨੇ ਦੱਸਿਆ ਕਿ ਬਲਾਕ ਸ਼ਾਹਕੋਟ-2 ਅਧੀਨ ਆਉਂਦੇ ਸੈਂਟਰ ਬੱਗਾ ਦੇ ਪ੍ਰਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਤਕਰੀਬਨ 2 ਮਹੀਨੇ ਪਹਿਲਾਂ ਬਲਾਕ ਸਿੱਖਿਆ ਅਫਸਰ ਰਮੇਸ਼ਵਰ ਚੰਦਰ ਨੂੰ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਲਈ ਦਿੱਤੇ ਗਏ ਸਨ। ਇਸ ਸਬੰਧੀ ਵਿਭਾਗ ਵੱਲੋਂ ਬਜਟ ਵੀ ਅਲਾਟ ਹੋਇਆ ਸੀ ਪਰ ਬਲਾਕ ਸਿੱਖਿਆ ਅਫਸਰ ਰਮੇਸ਼ਵਰ ਚੰਦਰ ਦੀ ਅਣਗਹਿਲੀ ਕਾਰਨ ਬਿਜਲੀ ਦੇ ਬਿੱਲ ਸਮੇਂ ਸਿਰ ਅਦਾ ਨਹੀਂ ਕੀਤੇ ਗਏ, ਜਿਸ ਕਾਰਨ ਬਿਜਲੀ ਮਹਿਕਮੇ ਨੇ ਸਰਕਾਰੀ ਪ੍ਰਰਾਇਮਰੀ ਸਕੂਲ ਬੱਗਾ, ਭੋਇਪੁਰ, ਲੰਗੇਵਾਲ, ਸੈਦਪੁਰ ਤੇ ਬੁੱਢਣਵਾਲ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ, ਜਿਸ ਕਾਰਨ ਇਨ੍ਹਾਂ ਸਾਰੇ ਪ੍ਰਰਾਇਮਰੀ ਸਕੂਲਾਂ ਵਿਚ ਹਨੇਰਾ ਛਾਇਆ ਹੋਇਆ ਹੈ।
ਪ੍ਰਧਾਨ ਰਮਨ ਗੁਪਤਾ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ ਤੇ ਬੱਚਿਆਂ ਦਾ ਖਾਣਾ ਬਣਾਉਣ ਵਿਚ ਵੀ ਮੁਸ਼ਕਲ ਆਵੇਗੀ। ਉਨ੍ਹਾਂ ਇਸ ਲਈ ਸਿੱਧੇ ਤੌਰ 'ਤੇ ਬਲਾਕ ਸਿੱਖਿਆ ਅਫਸਰ ਸ਼ਾਹਕੋਟ-2 ਰਮੇਸ਼ਵਰ ਚੰਦਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਲੋਕ ਮਾਰੂ ਰਵੱਈਏ ਵਾਲੇ ਅਫਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਬਿਜਲੀ ਮਹਿਕਮੇ ਨੂੰ ਕਿਸੇ ਵੀ ਸਕੂਲ ਦੇ ਕੁਨੈਕਸ਼ਨ ਨਾ ਕੱਟਣ ਦੇ ਨਿਰਦੇਸ਼ ਜਾਰੀ ਕੀਤੇ ਜਾਣ। ਇਸ ਮੌਕੇ ਸੈਂਟਰ ਹੈੱਡ ਟੀਚਰ ਰਾਕੇਸ਼ ਕੁਮਾਰ ਖਹਿਰਾ, ਸੁਰਿੰਦਰਜੀਤ ਸਿੰਘ, ਸੁੱਚਾ ਸਿੰਘ, ਰਜਿੰਦਰ ਰਾਣੀ, ਜਸਬੀਰ ਕੌਰ, ਸਰਬਜੀਤ ਕੌਰ ਹਾਜ਼ਰ ਸਨ।
--------
ਵਿਭਾਗ ਨੇ ਤਿੰਨ ਦਿਨ ਪਹਿਲਾਂ ਭੇਜਿਆ ਹੈ 2 ਲੱਖ ਦਾ ਬਜਟ : ਬੀਪੀਈਓ ਰਮੇਸ਼ਵਰ ਚੰਦਰ
ਇਸ ਸਬੰਧੀ ਬੀਪੀਈਓ ਰਮੇਸ਼ਵਰ ਚੰਦਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਪਿਛਲੇ ਡੇਢ ਸਾਲ ਤੋਂ ਹੀ ਅਦਾ ਨਹੀਂ ਕੀਤੇ ਗਏ ਸਨ। ਉਨ੍ਹਾਂ ਨੇ ਤਾਂ ਚਾਰ ਮਹੀਨੇ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਹੁਣ 2 ਲੱਖ 14 ਹਜ਼ਾਰ ਰੁਪਏ ਦਾ ਬਜਟ ਭੇਜਿਆ ਗਿਆ ਹੈ। ਉਨ੍ਹਾਂ ਸਕੂਲਾਂ ਤੋਂ ਬਿਜਲੀ ਬਿੱਲ ਮੰਗੇ ਹਨ। ਜਿਵੇਂ-ਜਿਵੇਂ ਬਿਜਲੀ ਬਿੱਲ ਆਉਣਗੇ, ਉਹ ਬਜਟ ਦੇ ਹਿਸਾਬ ਨਾਲ ਸਕੂਲਾਂ ਦੇ ਬਿਜਲੀ ਬਿੱਲ ਅਦਾ ਕਰਦੇ ਰਹਿਣਗੇ।