ਸੁਰਿੰਦਰ ਸਿੰਘ, ਜੰਡਿਆਲਾ ਮੰਜਕੀ : ਪਿੰਡ ਲਖਨਪਾਲ ਦੇ ਵਸਨੀਕ ਨੰਬਰਦਾਰ ਰਾਮ ਗੋਪਾਲ ਦੀਆ ਹੱਤਿਆ ਦੇ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਜਾਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 5 ਲੱਖ ਦੀ ਵਿੱਤੀ ਸਹਾਇਤਾ ਦਾ ਚੈੱਕ ਦੇਣ ਉਪਰੰਤ ਨੰਬਰਦਾਰ ਦਾ ਸਸਕਾਰ ਕਰ ਦਿੱਤਾ ਗਿਆ ਤੇ ਇਸ ਨਾਲ ਹੀ ਲੋਕਾਂ ਵੱਲੋਂ ਜੰਡਿਆਲਾ-ਫਗਵਾੜਾ ਰੋਡ 'ਤੇ ਲਾਇਆ ਗਿਆ ਜਾਮ ਵੀ ਖਤਮ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਲੰਘੇ ਸ਼ਨਿੱਚਰਵਾਰ ਕੁਝ ਨਸ਼ਾ ਤਸਕਰਾਂ ਨੇ ਨੰਬਰਦਾਰ ਰਾਮ ਗੋਪਾਲ ਉਪਰ ਰਾਤੀਂ 9:30 ਦੇ ਕਰੀਬ ਗੋਲੀਆਂ ਵਰ੍ਹਾ ਕੇ ਹੱਤਿਆ ਕਰ ਦਿੱਤੀ ਸੀ। ਪਰਿਵਾਰਕ ਮੈਂਬਰਾਂ ਤੇ ਨਸ਼ੇ ਦਾ ਵਿਰੋਧ ਕਰਦੇ ਆ ਰਹੇ ਇਲਾਕਾ ਵਾਸੀਆਂ ਨੇ ਮੁਲਜ਼ਮਾਂ ਦੀ ਗਿ੍ਫਤਾਰੀ ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਨੂੰ ਲੈ ਕੇ ਧਰਨਾ ਲਾਇਆ ਹੋਇਆ ਸੀ। ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀ ਲਗਾਤਾਰ ਪਰਿਵਾਰ ਤੇ ਮੋਹਤਬਰਾਂ ਨਾਲ ਗੱਲਬਾਤ ਕਰ ਰਹੇ ਸਨ। ਸੋਮਵਾਰ ਵੀ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ, ਡਾ. ਅਦਿਤਿਆ ਏਡੀਸੀਪੀ-2 ਅਤੇ ਏਸੀਪੀ ਕੈਂਟ ਬਬਨਦੀਪ ਸਿੰਘ ਉਥੇ ਪੁੱਜੇ ਹੋਏ ਸਨ। ਓਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁੱਜੇ ਏਡੀਸੀ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਦੇ ਨਾਲ ਹੀ ਰਾਮ ਗੋਪਾਲ ਦੀ ਪਤਨੀ ਨੂੰ ਉਸ ਦੀ ਯੋਗਤਾ ਦੇ ਆਧਾਰ 'ਤੇ ਸਰਕਾਰੀ ਨੌਕਰੀ ਦੇਣ ਤੇ ਪਿੰਡ ਦੇ ਪ੍ਰਰਾਇਮਰੀ ਸਕੂਲ ਦਾ ਨਾਂ ਸ੍ਰੀ ਰਾਮ ਗੋਪਾਲ ਦੇ ਨਾਮ 'ਤੇ ਰੱਖੇ ਜਾਣ ਦਾ ਐਲਾਨ ਕੀਤਾ। ਇਸ ਉਪਰੰਤ ਪਰਿਵਾਰ ਤੇ ਇਲਾਕੇ ਦੇ ਮੋਹਤਬਰਾਂ ਨੇ ਰਾਮ ਗੋਪਾਲ ਨੂੰ ਇਨਸਾਫ਼ ਦਿਵਾਉਣ ਸਬੰਧੀ ਜੋ ਧਰਨਾ ਲਾ ਕੇ ਜੰਡਿਆਲਾ ਫਗਵਾੜਾ ਰੋਡ ਜਾਮ ਕੀਤਾ ਸੀ, ਉਸ ਨੂੰ ਖਤਮ ਕਰ ਦਿੱਤਾ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਸ਼ਾਮ 4.30 ਵਜੇ ਰਾਮ ਗੋਪਾਲ ਦਾ ਸਸਕਾਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਏਸੀਪੀ ਜਲੰਧਰ ਕੈਂਟ ਬਬਨਦੀਪ ਸਿੰਘ ਨੇ ਦੱਸਿਆ ਕਿ ਰਾਮ ਗੋਪਾਲ ਦੀ ਹੱਤਿਆ ਦੇ ਮਾਮਲੇ 'ਚ 2 ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
---
ਵਿਧਾਇਕ ਨੇ ਕੀਤਾ ਪਰਿਵਾਰ ਨਾਲ ਦੁੱਖ ਸਾਂਝਾ
ਜਲੰਧਰ ਕੈਂਟ ਹਲਕੇ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਲਖਨਪਾਲ ਪੁੱਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਓਧਰ ਆਮ ਆਦਮੀ ਪਾਰਟੀ ਦੀ ਸੂਬਾ ਸਕੱਤਰ ਰਾਜਵਿੰਦਰ ਕੌਰ, ਮੰਗਲ ਸਿੰਘ ਚੇਅਰਮੈਨ ਪੰਜਾਬ ਐਗਰੋ, ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ ਵੀ ਲਖਨਪਾਲ ਵਿਖੇ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜੰਡਿਆਲਾ ਦੇ ਸਰਪੰਚ ਮੱਖਣ ਪੱਲਣ ਨੇ ਵੀ ਨਸ਼ਾ ਤਸਕਰਾਂ ਵੱਲੋਂ ਨੰਬਰਦਾਰ ਰਾਮ ਗੋਪਾਲ ਦੀ ਹੱਤਿਆ ਕਰਨ ਦੀ ਨਿਖੇਧੀ ਕਰਦਿਆਂ ਸਰਕਾਰ ਕੋਲੋਂ ਨਸ਼ੇ ਦੀ ਤਸਕਰੀ 'ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ। ਪਰਿਵਾਰ ਮੁਤਾਬਕ ਰਾਮ ਗੋਪਾਲ ਦੀ ਅੰਤਿਮ ਅਰਦਾਸ 7 ਫ਼ਰਵਰੀ ਨੂੰ ਹੋਵੇਗੀ।