ਜਾਗਰਣ ਸੰਵਾਦਦਾਤਾ, ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਜਲੰਧਰ ਪਹੁੰਚੇ। ਇੱਤੇ ਉਨ੍ਹਾਂ 84 ਕਰੋੜ ਦੀ ਲਾਗਤ ਨਾਲ ਬਣੇ ਵੇਰਕਾ ਮਿਲਕ ਪਲਾਂਟ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸਪੋਰਟਸ ਐਂਡ ਸਰਜੀਕਲ ਕੰਪਲੈਕਸ 'ਚ 5 ਕਰੋੜ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਵੀ ਵਰਚੁਅਲ ਉਦਘਾਟਨ ਵੀ ਕੀਤਾ।
ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਇਕ ਸਕੂਲ ਦਾ ਉਦਘਾਟਨ ਕੀਤਾ ਗਿਆ, ਜਿਸ ਨੂੰ ਮੁੱਖ ਮੰਤਰੀ ਨੇ ਸਮਾਗਮ ਵਾਲੀ ਵਰਚੂਅਲ ਦੇਖਿਾ। ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਉਧਾਰ ਲਿਆ ਗਿਆ 16,000 ਕਰੋੜ ਤੇ ਉਸ ਦੇ ਉੱਪਰ ਬਣਦੇ 20,000 ਕਰੋੜ ਦੀ ਅਦਾਇਕੀ ਸਰਕਾਰ ਨੇ ਇਕ ਸਾਲ ਵਿਚ ਕੀਤੀ ਹੈ।
ਮੁੱਖ ਮੰਤਰੀ ਨੇ ਬਜਟ ਨੂੰ ਵਧੀਆ ਦੱਸਦਿਆਂ ਕਿਹਾ ਕਿ ਪੰਜਾਬ ਵਿਚ ਕਿਸੇ ਕਿਸਮ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ। ਬਿਜਲੀ ਮੁਫ਼ਤ ਦਿੱਤੀ ਜਾ ਰਹੀ ਹੈ ਅਤੇ ਵਧੀਆ ਸਹੂਲਤਾਂ ਨਾਲ ਲੈਸ ਸਿੱਖਿਆ ਤੇ ਸਕੂਲਾਂ ਦਾ ਵੀ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਦਿੱਲੀ ਦੇ ਸਿੱਖਿਆ ਢਾਂਚੇ ਦਾ ਫਿਰ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸ਼ੀਸ਼ੇ ਵਾਂਗ ਚਮਕਾਵਾਂਗੇ। ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਕੇ ਬਰਾਬਰ ਤਨਖ਼ਾਹ ਦੇਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵੇਰਕਾ ਨੂੰ ਦਿੱਲੀ ਤੇ ਹਿਮਾਚਲ ਤਕ ਪਹੁੰਚਾਵਾਂਗੇ।
ਉਨ੍ਹਾਂ ਕਿਹਾ ਕਿ ਮੌਸਮ ਕਾਰਨ ਖਰਾਬ ਹੋਈ ਫਸਲ ਦੀ ਵਿਸਾਖੀ ਤੋਂ ਪਹਿਲਾਂ ਗਿਰਦਾਵਰੀ ਕਰਵਾ ਕੇ 15000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਗਿਰਦਾਵਰੀ ਕਰਨ ਦੇ ਤਰੀਕੇ 'ਚ ਬਦਲਾਅ ਕੀਤਾ ਗਿਆ ਹੈ, ਗਿਰਦਾਵਰੀ ਤੋਂ 1 ਦਿਨ ਪਹਿਲਾਂ ਪਿੰਡ ਵਾਸੀਆਂ ਨੂੰ ਰੇਡੀਓ 'ਤੇ ਸੂਚਿਤ ਕੀਤਾ ਜਾਵੇਗਾ ਅਤੇ ਅਧਿਕਾਰੀ ਸਾਂਝੀ ਜਗ੍ਹਾ 'ਤੇ ਬੈਠ ਕੇ ਗਿਰਦਾਵਰੀ ਕਰਨਗੇ ਤੇ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਗਿਰਦਾਵਰੀ ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਘਰ ਬੈਠ ਕੇ ਨਹੀਂ ਹੋਵੇਗੀ।