ਲਵਦੀਪ ਬੈਂਸ, ਪਤਾਰਾ/ਜਲੰਧਰ ਕੈਂਟ : ਰਾਮਾ ਮੰਡੀ ਚੌਕ ਤੋਂ ਫਲਾਈਓਵਰ ਚੜ੍ਹਦੇ ਸਮੇਂ ਟਰੱਕ ਡਰਾਈਵਰ ਨੇ ਪੁਲਿਸ ਮੁਲਾਜ਼ਮ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਪੁਲਿਸ ਮੁਲਾਜ਼ਮ ਦੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ।
ਜਾਣਕਾਰੀ ਦਿੰਦਿਆਂ ਏਐੱਸਆਈ ਸ਼ਮਸ਼ੇਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰ. 135, ਅਰਮਾਨ ਨਗਰ, ਦਕੋਹਾ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਬੱਸ ਸਟੈਂਡ ਤੋਂ ਲੈ ਕੇ ਵਾਪਸ ਆਪਣੇ ਘਰ ਜਾ ਰਿਹਾ ਸੀ ਤਾਂ ਰਾਮਾ ਮੰਡੀ ਫਲਾਈਓਵਰ ਚੜ੍ਹਦੇ ਸਮੇਂ ਟਰੱਕ ਡਰਾਈਵਰ ਨੇ ਬਿਨਾਂ ਕੁਝ ਵੇਖੇ ਓਵਰ ਟੇਕ ਕਰਦੇ ਹੋਏ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਟਰੱਕ ਚਾਲਕ ਦੀ ਪਛਾਣ ਸਦਾਮ ਅੰਸਾਰੀ ਪੁੱਤਰ ਆਦਿਬ ਹੁਸੈਨ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮੁਲਜ਼ਮ ਫਗਵਾੜਾ ਰੋਡ 'ਤੇ ਸਥਿਤ ਲਵਲੀ ਯੂਨੀਵਰਸਿਟੀ ਨੇੜੇ ਅਗਰਵਾਲ ਕ੍ਰੈਸ਼ਰ ਪਲਾਂਟ 'ਚ ਗੱਡੀ ਚਲਾਉਂਦਾ ਹੈ ਅਤੇ ਹਾਦਸੇ ਸਮੇਂ ਵੀ ਖਾਲੀ ਗੱਡੀ ਲੈ ਕੇ ਜਾ ਰਿਹਾ ਸੀ। ਏਐੱਸਆਈ ਸ਼ਮਸ਼ੇਰ ਸਿੰਘ ਨੇ ਦੋਸ਼ ਲਾਇਆ ਕਿ ਟਰੱਕ 'ਚ ਕਲੀਨਰ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਮੌਕੇ 'ਤੇ ਮਾਮਲੇ ਦੀ ਜਾਂਚ ਕਰ ਰਹੇ ਟ੍ਰੈਫਿਕ ਪੁਲਿਸ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਕੰਪਨੀ ਮਾਲਕ ਦੇ ਗੱਡੀ ਠੀਕ ਕਰਵਾ ਕੇ ਦੇਣ ਦੇ ਭਰੋਸੇ ਮਗਰੋਂ ਗੱਡੀ ਤੇ ਡਰਾਈਵਰ ਨੂੰ ਛੱਡ ਦਿੱਤਾ ਗਿਆ ਹੈ।