ਰਾਕੇਸ਼ ਗਾਂਧੀ, ਜਲੰਧਰ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਪਿਛਲੇ ਦਿਨੀਂ ਥਾਣਾ ਨੰ ਛੇ ਦੇ ਇਲਾਕੇ ਵਿਚੋਂ ਗੰਨ ਪੁਆਇੰਟ 'ਤੇ ਲੁੱਟੀ ਗੱਡੀ ਦੇ ਮਾਮਲੇ ਵਿੱਚ ਥਾਣਾ ਛੇ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੀ ਹੋਏ ਲਾਈਟਰ ਪਿਸਟਲ ਬਰਾਮਦ ਕੀਤੀ ਹੈ ਜਦ ਕਿ ਗੱਡੀ ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਬਰਾਮਦ ਕਰ ਲਈ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ, ਏਡੀਸੀਪੀ ਇਨਵੈਸਟੀਗੇਸ਼ਨ ਗੁਰਬਾਜ ਸਿੰਘ, ਏਸੀਪੀ ਇਨਵੈਸਟੀਗੇਸ਼ਨ ਨਿਰਮਲ ਸਿੰਘ ਅਤੇ ਏਸੀਪੀ ਮਾਡਲ ਟਾਊਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 8 ਜਨਵਰੀ ਦੇਰ ਰਾਤ ਸਵਾ ਨੌਂ ਵਜੇ ਦੇ ਕਰੀਬ ਪੁਨੀਤ ਅਹੂਜਾ ਵਾਸੀ ਜੇਪੀ ਨਗਰ ਕੋਲੋਂ ਗੰਨ ਪੁਆਇੰਟ 'ਤੇ ਉਸ ਦੀ ਬੀ ਐੱਮ ਡਬਲਿਊ ਗੱਡੀ ਨੰਬਰ ਪੀ ਬੀ08 ਈ ਕੇ0077 ਲੁੱਟ ਕੇ ਤਿੰਨ ਨੌਜਵਾਨ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਨੇ ਉਕਤ ਗੱਡੀ ਬਟਾਲਾ ਅੰਮ੍ਰਿਤਸਰ ਰੋਡ ਤੋਂ ਲਾਵਾਰਿਸ ਹਾਲਤ ਵਿਚ ਬਰਾਮਦ ਕਰ ਲਈ ਸੀ ਜਦ ਕਿ ਲੁਟੇਰੇ ਪੁਲਿਸ ਦੇ ਹੱਥ ਨਹੀਂ ਆਏ ਸਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਸੀਆਈਏ ਦੋ ਦੇ ਮੁਖੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਅਤੇ ਥਾਣਾ ਛੇ ਦੇ ਮੁਖੀ ਸੁਰਜੀਤ ਸਿੰਘ ਗਿੱਲ ਦੀਆਂ ਟੀਮਾਂ ਨੂੰ ਲਗਾਇਆ ਗਿਆ ਸੀ। ਪੁਲਿਸ ਪਾਰਟੀਆਂ ਵੱਲੋਂ ਉਨ੍ਹਾਂ ਦੀ ਤਲਾਸ਼ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ।
ਪੁਲਿਸ ਵੱਲੋਂ ਟੈਕਨੀਕਲ ਢੰਗ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਗੱਡੀ ਲੁੱਟਣ ਦੇ ਮਾਮਲੇ ਵਿੱਚ ਹਰਸ਼ਬੀਰ ਸਿੰਘ ਉਰਫ ਹਰਸ਼ ਵਾਸੀ ਪਿੰਡ ਜਗਦੇਵਕਲਾ ਥਾਣਾ ਝੰਡੇਰ ਅੰਮ੍ਰਿਤਸਰ ਹਾਲ ਵਾਸੀ ਹਾਲੀਵੁੱਡ ਹਾਈਟ ਕੁਰਾਲੀ ਜ਼ਿਲ੍ਹਾ ਮੁਹਾਲੀ, ਰਾਜਕਰਨ ਸਿੰਘ ਉਰਫ਼ ਬੰਟੀ ਵਾਸੀ ਨਗੀਨਾ ਐਵੀ ਨਿਊ ਮਜੀਠਾ ਰੋਡ ਅੰਮ੍ਰਿਤਸਰ ਅਤੇ ਰਾਜਕਰਨ ਸਿੰਘ ਉਰਫ ਬੰਟੀ ਦਾ ਭਰਾ ਜਸਕਰਨ ਬੱਲੂ ਸ਼ਾਮਿਲ ਹੈ। ਸ਼ੁੱਕਰਵਾਰ ਦੇਰ ਰਾਤ ਸੀਆਈਏ ਦੋ ਦੇ ਮੁਖੀ ਸਬ ਇੰਸਪੈਕਟਰ ਅਸ਼ੋਕ ਕੁਮਾਰ ਦੀ ਪਾਰਟੀ ਨੂੰ ਉਸ ਵੇਲੇ ਸਫਲਤਾ ਹੱਥ ਲੱਗੀ ਜਦ ਉਨ੍ਹਾਂ ਨੇ ਇਸ ਮਾਮਲੇ ਦੇ ਦੋ ਆਰੋਪੀਆਂ ਹਰਸ਼ਬੀਰ ਸਿੰਘ ਅਤੇ ਰਾਜਕਰਨ ਸਿੰਘ ਨੂੰ ਅੰਮ੍ਰਿਤਸਰ ਤੋਂ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇਕ ਲਾਈਟਰ ਪਿਸਟਲ, ਗੱਡੀ ਦੀਆਂ ਚਾਬੀਆਂ ਵੀ ਬਰਾਮਦ ਕਰ ਲਈਆਂ ਹਨ। ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਹਰਸ਼ਬੀਰ ਸਿੰਘ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਤਿੰਨ ਥਾਣਿਆਂ ਵਿਚ ਅਤੇ ਰਾਜ ਕਰਨ ਦੇ ਖ਼ਿਲਾਫ਼ ਅੰਮ੍ਰਿਤਸਰ ਤੋਂ ਇਲਾਵਾ ਜਲੰਧਰ ਦੇ ਥਾਣਿਆਂ ਵਿੱਚ ਵੀ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਪੁਲਿਸ ਰਿਮਾਂਡ 'ਤੇ ਲੈ ਕੇ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਨ੍ਹਾਂ ਦੇ ਤੀਜੇ ਸਾਥੀ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਹਰਸ਼ਬੀਰ ਸਿੰਘ ਉਰਫ ਹਰਸ਼ ਦਾ ਪਰਿਵਾਰ ਹੈ NRI
ਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹੀ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਹਰਸ਼ਵੀਰ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਹਰਸ਼ਬੀਰ ਸਿੰਘ ਨਸ਼ਾ ਕਰਨ ਦਾ ਆਦੀ ਹੈ ਨਸ਼ੇ ਦੀ ਪੂਰਤੀ ਕਰਨ ਲਈ ਉਹ ਆਪਣੇ ਰਿਸ਼ਤੇ ਦੇ ਭਰਾਵਾਂ ਰਾਜ ਕਰਨ ਅਤੇ ਜਸਕਰਨ ਨਾਲ ਮਿਲ ਕੇ ਗੱਡੀਆਂ ਲੁੱਟ ਕੇ ਨਸ਼ੇ ਦੀ ਪੂਰਤੀ ਕਰਦਾ ਹੈ।