ਜਾਸ, ਜਲੰਧਰ : ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਤੋਂ ਬਾਅਦ ਕਈ ਤਸਵੀਰਾਂ ਅਤੇ ਆਡੀਓ ਵਾਇਰਲ ਹੋ ਰਹੇ ਹਨ। ਇਨ੍ਹਾਂ ’ਚੋਂ ਇਕ ਆਡੀਓ ਨੂੰ ਲੈ ਕੇ ਇੰਟਰਨੈੱਟ ਮੀਡੀਆ ’ਤੇ ਚਰਚਾ ਹੋ ਰਹੀ ਹੈ ਕਿ ਇਹ ਆਡੀਓ ਅੰਮ੍ਰਿਤਪਾਲ ਦੀ ਹੈ, ਜਿਸ ’ਚ ਉਹ ਇਕ ਕੁੜੀ ਨੂੰ ਬਦਨਾਮ ਕਰਨ ਦੀ ਧਮਕੀ ਦੇ ਕੇ ਉਸ ਤੋਂ ਪਿੱਛਾ ਛੁਡਾਉਣ ਦੀ ਗੱਲ ਕਰ ਰਿਹਾ ਹੈ। ਹਾਲਾਂਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਈ ਕੁਝ ਚੈਟਸ ’ਚ ਸੰਧੂਅੰਮ੍ਰਿਤ10 ਦੇ ਨਾਂ ’ਤੇ ਆਈਡੀ ਬਣੀ ਦਿਖਾਈ ਦੇ ਰਹੀ ਹੈ। ਇਸ ਆਈਡੀ ਤੇ ਆਡੀਓ ਨੂੰ ਲੈ ਕੇ ਚਰਚਾ ਹੈ ਕਿ ਅੰਮ੍ਰਿਤਪਾਲ ਕਈ ਕੁੜੀਆਂ ਤੇ ਔਰਤਾਂ ਦੇ ਸੰਪਰਕ ’ਚ ਸੀ। ਆਡੀਓ ਰਿਕਾਰਡਿੰਗ ’ਚ ਉਹ ਆਸਟੇ੍ਰਲੀਆ ਦੀ ਕਿਸੇ ਔਰਤ ਬਾਰੇ ਆਪਣੇ ਕਰੀਬੀ ਨਾਲ ਗੱਲ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ 60 ਮਿੰਟ ਆਸਟ੍ਰੇਲੀਆ ਵਾਲਿਆਂ ਨੂੰ ਦੱਸ ਦਿਓ ਕਿ ਮੇਰੇ ਨਾਜਾਇਜ਼ ਸਬੰਧ ਹਨ। ਇਕ ਕੁੜੀ ਲੰਬੇ ਸਮੇਂ ਤੋਂ ਮੇਰੇ ਪਿੱਛੇ ਪਈ ਹੈ। ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਕਰ ਲੈ ਪਰ ਮੈਂ ਪਿੱਛਾ ਛੁਡਵਾਉਣਾ ਚਾਹੁੰਦਾ ਹਾਂ। ਉੁਸ ਕੋਲ ਕੈਨੇਡਾ ਦੀ ਪੀਆਰ ਹੈ ਤੇ ਕਹਿੰਦੀ ਹੈ ਕਿ ਇਕ ਵਾਰ ਵਿਆਹ ਕਰਵਾ ਲੈ, ਭਾਵੇਂ ਕੰਟਰੈਕਟ ਮੈਰਿਜ ਹੀ ਸਹੀ। ਆਡੀਓ ਵਿਚਾਲੇ ਕੱਟੀ ਜਾਂਦੀ ਹੈ ਤੇ ਫਿਰ ਉਹ ਇਹ ਕਹਿੰਦਿਆਂ ਸੁਣਾਈ ਦਿੰਦਾ ਹੈ ਕਿ ਇਕ ਹੋਰ ਕੁੜੀ ਕੋਲ ਮੇਰੀ ਮਾਂ ਦਾ ਨੰਬਰ ਆ ਗਿਆ ਅਤੇ ਉਹ ਰੋਜ਼ ਮਾਤਾ ਨੂੰ ਤੰਗ ਕਰਦੀ ਹੈ ਕਿ ਮੈਂ ਉਸ ਦਾ ਫੋਨ ਨਹੀਂ ਚੁੱਕਦਾ। ਇਸ ਕਾਰਨ ਮੈਂ ਤਾਂ ਕਈ ਦਿਨਾਂ ਤੋਂ ਮਾਤਾ ਨਾਲ ਗੱਲ ਨਹੀਂ ਕਰ ਰਿਹਾ। ਫਿਰ ਸਨੈਪ ਚੈਟ ’ਤੇ ਕੁੜੀ ਨਾਲ ਗੱਲਬਾਤ ਕੀਤੀ ਤੇ ਦੂਜੇ ਫੋਨ ਤੋਂ ਵੀਡੀਓ ਬਣਾ ਕੇ ਉਸ ਨੂੰ ਕਿਹਾ ਕਿ ਬਦਨਾਮ ਕਰ ਦਿਆਂਗਾ, ਫਿਰ ਉਸ ਨੇ ਪਿੱਛਾ ਛੱਡਿਆ। ਪੁਲਿਸ ਨੂੰ ਵੀ ਚੈਟ ਦੀਆਂ ਤਸਵੀਰਾਂ ਅਤੇ ਆਡੀਓ ਮਿਲੀ ਹੈ। ਇਸ ਤੋਂ ਬਾਅਦ ਪੁਲਿਸ ਵੀ ਇਸ ਦੀ ਜਾਂਚ ’ਚ ਜੁਟ ਗਈ ਹੈ ਕਿ ਕੀ ਇਹ ਆਡੀਓ ਅੰਮ੍ਰਿਤਪਾਲ ਦੀ ਹੈ ਜਾਂ ਨਹੀਂ। ਇਸ ਆਡੀਓ ਸਬੰਧੀ ਆਈਜੀ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਆਡੀਓ ਰਿਕਾਰਡਿੰਗ ’ਚ ਆਵਾਜ਼ ਦੀ ਜਾਂਚ ਕਰਵਾਏ ਬਿਨਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਆਵਾਜ਼ ਕਿਸ ਦੀ ਹੈ।