ਅਮਰਜੀਤ ਸਿੰਘ ਵੇਹਗਲ, ਜਲੰਧਰ : ਬੀਤੀ ਦੇਰ ਰਾਤ ਜਲੰਧਰ-ਪਠਾਨਕੋਟ ਮਾਰਗ 'ਤੇ ਪੈਂਦੇ ਪਿੰਡ ਨੂਰਪੁਰ 'ਚ ਭੇਤਭਰੇ ਹਾਲਾਤ 'ਚ 'ਆਪ' ਆਗੂ ਦੇ ਨੌਜਵਾਨ ਪੁੱਤਰ ਜੋ ਕਿ ਟੈਂਪੂ-ਟਰੈਵਲਰ ਦਾ ਡਰਾਈਵਰ ਸੀ, ਦੀ ਮੌਤ ਦੀ ਹੋ ਗਈ।
ਹਰੀ ਮਿੱਤਰ ਬੱਧਨ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਦੀਪ (28) ਵਾਸੀ ਪਿੰਡ ਨੂਰਪੁਰ ਟੈਂਪੂ-ਟਰੈਵਲਰ ਦਾ ਡਰਾਈਵਰ ਸੀ। ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੇ ਟੈਂਪੂ-ਟਰੈਵਲਰ ਸੜਕ ਦੇ ਕੰਢੇ ਰੋਕ ਦਿੱਤਾ ਤੇ ਆਪ ਵਿਚ ਹੀ ਬੈਠ ਗਿਆ।
ਉਸ ਨੇ ਦੱਸਿਆ ਕਿ ਲੋਕਾਂ ਨੇ ਉਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੇ ਪੁੱਤਰ ਦਾ ਟੈਂਪੂ-ਟਰੈਵਲਰ ਨੂਰਪੁਰ ਦੀ ਮੇਨ ਰੋਡ 'ਤੇ ਖੜ੍ਹਾ ਹੈ ਤੇ ਕਿਸੇ ਵੱਲੋਂ ਉਸ ਨੂੰ ਬਾਹਰੋਂ ਲਾਕ ਕਰ ਦਿੱਤਾ ਗਿਆ ਹੈ। ਉਹ ਮੌਕੇ 'ਤੇ ਗਿਆ ਤਾਂ ਪਤਾ ਲੱਗਾ ਕਿ ਨੂਰਪੁਰ ਦੇ ਹੀ ਰਹਿਣ ਵਾਲੇ ਇਕ ਵਿਅਕਤੀ ਨੇ ਲਾਕ ਲਾ ਕੇ ਚਾਬੀ ਆਪਣੇ ਕੋਲ ਰੱਖ ਲਈ ਸੀ। ਕਿਸੇ ਦੀ ਮਦਦ ਨਾਲ ਚਾਬੀ ਲੈ ਕੇ ਮਨਦੀਪ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਤਾਂ ਡਾਕਟਰ ਵੱਲੋਂ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ। ਆਮ ਆਦਮੀ ਪਾਰਟੀ ਦੇ ਆਗੂ ਹਰੀ ਮਿੱਤਰ ਬੱਧਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਨੂਰਪੁਰ ਦੇ ਹੀ ਰਹਿਣ ਵਾਲੇ ਵਿਅਕਤੀ ਨੇ ਉਸ ਦੀ ਹੱਤਿਆ ਕੀਤੀ ਹੈ।
----------
ਧਾਰਾ 174 ਦੀ ਹੋਈ ਕਾਰਵਾਈ
ਥਾਣਾ ਮਕਸੂਦਾਂ ਦੇ ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।