ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਵੱਲੋਂ ਨਾਜਾਇਜ਼ ਉਸਾਰੀਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਅਧੀਨ ਫਗਵਾੜਾ ਗੇਟ ਦੀ ਹਾਂਗਕਾਂਗ ਮਾਰਕੀਟ ਸਮੇਤ ਦੋ ਦਰਜਨ ਨਾਜਾਇਜ਼ ਉਸਾਰੀਆਂ ਗਈਆਂ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਦਕਿ ਕਚਹਿਰੀ ਚੌਕ ਵਿਖੇ ਦੁਬਈ ਮੋਟਰ ਦੇ ਮਾਲਕਾਂ ਨੇ ਨਿਗਮ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਏਟੀਪੀ ਸੁਖਦੇਵ ਵਸ਼ਿਸਠ ਅਨਸਾਰ ਫਗਵਾੜਾ ਗੇਟ ਵਿਖੇ ਬਣਾਈ ਗਈ ਹਾਂਗਕਾਂਗ ਮਾਰਕੀਟ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਮਾਰਕੀਟ 'ਚ 15 ਤੋਂ ਵੱਧ ਦੁਕਾਨਾਂ ਦੀ ਨਾਜਾਇਜ਼ ਉਸਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਸਿਵਲ ਲਾਈਨ ਦੇ ਅਪੈਕਸ ਟਾਵਰ ਦੀਆਂ 4 ਨਾਜਾਇਜ਼ ਦੁਕਾਨਾਂ, ਪੁਲਿਸ ਲਾਈਨ ਦੇ ਵਾਸਲ ਟਾਵਰ ਤੇ ਪੈਟਲ ਵੈਂਕਟ, ਸ਼੍ਰੀ ਗਣੇਸ਼ ਡੈਕੋਰੇਟਰ, ਸਨੈਕਰ ਰੈਸਟੋਰੈਂਟ ਅਤੇ ਜੁਨੇਜਾ ਸੋਪ ਫੈਕਟਰੀ ਵਿਖੇ ਕੀਤੀਆਂ ਗਈਆਂ ਨਾਜਾਇਜ਼ ਉਸਾਰੀਆਂ ਲਈ ਬਿਲਡਿੰਗ ਬਰਾਂਚ ਵੱਲੋਂ ਨੋਟਿਸ ਜਾਰੀ ਕੀਤੇ ਗਏ ਹਨ। ਜਿਨ੍ਹਾਂ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ 3 ਦਿਨਾਂ ਅੰਦਰ ਦਸਤਾਵੇਜ਼ ਲੈ ਕੇ ਨੋਟਿਸ ਦਾ ਜਵਾਬ ਦੇਣਾ ਪਵੇਗਾ। ਦੂਜੇ ਪਾਸੇ ਕਚਹਿਰੀ ਚੌਕ ਵਿਖੇ ਦੁਬਈ ਮੋਟਰ ਦੇ ਮਾਲਕਾਂ ਵਲੋਂ ਨਾਜਾਇਜ਼ ਉਸਾਰੀ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਖਿਲਾਫ ਨਗਰ ਨਿਗਮ ਕਾਨੂੰਨੀ ਕਾਰਵਾਈ ਕਰੇਗੀ।