ਜਗਮੋਹਨ ਸ਼ਰਮਾ, ਤਲਵਾੜਾ : ਤਲਵਾੜਾ ਪੁਲਿਸ ਨੇ ਇੱਕ ਔਰਤ ਦੀ ਸ਼ਿਕਾਇਤ 'ਤੇ ਬੀਤੇ ਦਿਨ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਸੀ। ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਨੌਜਵਾਨ ਦਾ ਐਤਵਾਰ ਨੂੰ ਤਲਵਾੜਾ ਪੁਲਿਸ ਨੇ ਰੇਪੁਰ ਹਾਰ ਦੇ ਕੋਲ ਮੁਕੇਰੀਆਂ ਹਾਈਡਲ ਪ੍ਰੋਜੈਕਟ ਨਹਿਰ (ਸ਼ਾਹ ਨਹਿਰ) ਦੇ ਕੋਲੋਂ ਸ਼ੱਕੀ ਹਲਾਤਾਂ ਵਿੱਚ ਮੋਟਰਸਾਇਕਲ ਤੇ ਮੋਬਾਈਲ ਵੀ ਬਰਾਮਦ ਕੀਤਾ ਸੀ। ਪੁਲਿਸ ਨੌਜਵਾਨ ਦੀ ਵੀ ਭਾਲ ਕਰ ਰਹੀ ਸੀ। ਉਕਤ ਨੌਜਵਾਨ ਦੀ ਲਾਸ਼ ਵੀ ਪੁਲਿਸ ਨੇ ਪਾਵਰ ਹਾਊਸ ਨੰਬਰ-2 ਤੋਂ ਬਰਾਮਦ ਕਰ ਲਈ ਹੈ। ਪਰਿਵਾਰਿਕ ਮੈਂਬਰਾਂ ਦੀ ਸਨਾਖ਼ਤ ਤੋਂ ਬਾਅਦ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਸੀ ਮਾਮਲਾ-
ਬੀਤੇ ਬੁੱਧਵਾਰ ਨੂੰ ਥਾਣਾ ਤਲਵਾੜਾ ਵਿੱਖੇ ਇੱਕ ਔਰਤ ਦੀ ਸ਼ਿਕਾਇਤ ਤੋਂ ਬਾਅਦ ਇੱਕ ਵਿਅਕਤੀ ਖ਼ਿਲਾਫ਼ ਜਬਰ ਜਨਾਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਦੇ ਸਬੰਧ ਵਿੱਚ ਉਕਤ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਸਹੁਰਾ ਪਰਿਵਾਰ ਦੇ ਘਰ ਦੇ ਨੇੜੇ ਸੰਦੀਪ ਕੁਮਾਰ ਉਰਫ਼ ਟਿੰਕੂ ਪੁੱਤਰ ਮਹਿੰਦਰ ਸਿੰਘ ਦਾ ਘਰ ਹੈ ਜੋ ਅਕਸਰ ਉਸ ਦੇ ਪਤੀ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਆਉਂਦਾ ਰਹਿੰਦਾ ਸੀ। ਦੋਵੇਂ ਪਰਵਾਰ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਔਰਤ ਨੇ ਦੱਸਿਆ ਕਿ 11 ਨਵੰਬਰ ਨੂੰ ਸੰਦੀਪ ਕੁਮਾਰ ਨੇ ਫੋਨ ਕਰਕੇ ਉਸਨੂੰ ਆਪਣੇ ਘਰ ਬੁਲਾਇਆ ਸੀ ਤੇ ਰੋਟੀ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਖਾਣ ਲਈ ਦਿੱਤਾ। ਉਸਨੇ ਦੱਸਿਆ ਕਿ ਰੋਟੀ ਖਾਣ ਤੋਂ ਬਾਅਦ ਉਸ ਨੂੰ ਕੋਈ ਹੋਸ਼ ਨਹੀਂ ਰਹੀ ਜਿਸ ਦਾ ਸੰਦੀਪ ਕੁਮਾਰ ਨੇ ਫਾਇਦਾ ਲੈਂਦੇ ਹੋਏ ਉਹ ਉਸਨੂੰ ਤਲਵਾੜਾ ਦੇ ਇੱਕ ਹੋਟਲ ਵਿੱਚ ਲੈ ਗਿਆ ਤੇ ਪੁਰੀ ਰਾਤ ਉਸ ਨਾਲ ਜਬਰ ਜਨਾਹ ਕਰਦਾ ਰਿਹਾ। ਅਤੇ ਦੂਜੇ ਦਿਨ ਉਹ ਉਸ ਨੂੰ ਪਿੰਡ ਵਿੱਚ ਸਥਿਤ ਬਾਬਾ ਬਾਲਕ ਨਾਥ ਮੰਦਰ ਦੇ ਨੇੜੇ ਛੱਡ ਕੇ ਚਲਾ ਗਿਆ। ਤਲਵਾੜਾ ਪੁਲਿਸ ਨੇ ਸੰਦੀਪ ਕੁਮਾਰ ਉਰਫ਼ ਟਿੰਕੂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ।
ਨਾਮਜ਼ਦ ਨੌਜਵਾਨ ਸੰਦੀਪ ਕੁਮਾਰ ਉਰਫ਼ ਟਿੰਕੂ ਨੇ ਆਪਣੇ ਮੋਬਾਈਲ ਤੋਂ ਮੁਕੇਰੀਆਂ ਹਾਈਡਲ ਪ੍ਰਾਜੈਕਟ ਨਹਿਰ ਦੇ ਕੰਢੇ 'ਤੇ ਖੜ੍ਹੇ ਹੋਕੇ ਇੱਕ ਆਡੀਓ ਰਿਕਾਰਡ ਕਰਕੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਵੀ ਪਾਈ ਸੀ ਜਿਸ ਵਿੱਚ ਉਸ ਨੇ ਖ਼ੁਲਾਸਾ ਕੀਤਾ ਸੀ ਕਿ ਉਸਦੇ ਖ਼ਿਲਾਫ਼ ਪਰਚਾ ਦਰਜ ਕਰਵਾਉਣ ਵਾਲੀ ਔਰਤ ਨਾਲ ਉਸਦੀ ਮਰਜ਼ੀ ਨਾਲ ਹੀ ਲੰਮੇ ਸਮੇਂ ਤੋਂ ਸੰਬੰਧ ਸਨ ਅਤੇ ਉਕਤ ਔਰਤ ਨੇ ਦਗਾ ਦੇ ਕੇ ਉਸ 'ਤੇ ਝੂਠਾ ਪਰਚਾ ਦਰਜ ਕਰਵਾਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਸ਼ਕਿਲਾਂ ਵਿੱਚ ਪਾਇਆ ਹੈ। ਇਸ ਕਰਕੇ ਉਹ ਨਹਿਰ ਵਿੱਚ ਛਾਲ ਮਾਰ ਕੇ ਆਪਣੇ-ਆਪ ਨੂੰ ਖਤਮ ਕਰ ਰਿਹਾ ਹੈ।
ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਭਰੀਆਂ ਅੱਖਾਂ ਨਾਲ ਦੇਹ ਵੇਖਦੇ ਹੋਏ ਤਲਵਾੜਾ ਪੁਲਿਸ ਨੂੰ ਅਪੀਲ ਕਰਦੇ ਹੋਏ ਕਿਹਾ ਕਿ, ਮ੍ਰਿਤਕ ਵਲੋਂ ਆਪਣੇ ਮੋਬਾਈਲ 'ਤੇ ਰਿਕਾਰਡ ਕੀਤੇ ਗਏ ਬਿਆਨ ਵਿੱਚ ਉਸ ਨੂੰ ਮਰਨ ਲਈ ਮਜ਼ਬੂਰ ਕਰਨ ਵਾਲੇ ਸਾਰੇ ਅਰੋਪੀਆਂ ਨੂੰ ਕਾਨੂੰਨੀ ਸਜ਼ਾ ਦਿੱਤੀ ਜਾਵੇ।