ਪੰਜਾਬੀ ਜਾਗਰਣ ਕੇਂਦਰ, ਹੁਸ਼ਿਆਰਪੁਰ : ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਗੜ੍ਹਸ਼ੰਕਰ 'ਚ ਚੈਕਿੰਗ ਦੌਰਾਨ 5 ਥਾਵਾਂ ਤੋਂ 10 ਸੈਂਪਲ ਲੈਂਦਿਆਂ ਕਿਹਾ ਕਿ ਜ਼ਿਲ੍ਹੇ 'ਚ ਮਿਲਾਵਟਖੋਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਦੇ ਖ਼ਿਲਾਫ਼ ਫੂਡ ਸੇਫਟੀ ਤੇ ਸਟੈਂਡਰਡ ਐਕਟ-2006 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਤਾਂ ਜੋ ਪੰਜਾਬ ਸਰਕਾਰ ਦੇ ਰੰਗਲੇ ਤੇ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾ ਸਕੇ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਅੱਜ ਗੜ੍ਹਸ਼ੰਕਰ 'ਚ ਰਾਧੇ-ਰਾਧੇ ਕਨਫੈਕਸ਼ਨਰੀ ਤੋਂ ਪੇਸਟਰੀ ਤੇ ਬਿਸਕੁੱਟ ਦੇ ਦੋ, ਓਲੰਪਿਕ ਕਨਫੈਕਸ਼ਨਰੀ ਤੋਂ ਮੁਰਮੁਰੇ ਤੇ ਬਿਸਕੁਟ ਦੇ 2, ਹੈਪੀ ਜੂਸ ਭੰਡਾਰ ਅਤੇ ਮਿਲਕਸ਼ੇਕ ਤੋਂ ਮਿਲਕ ਬਦਾਮ ਦੇ 2, ਸ਼ਾਲੀਮਾਰ ਸਵੀਟਸ ਤੋਂ ਖੋਆ ਅਤੇ ਗਜਰੇਲੇ ਦੇ 2 ਅਤੇ ਆਜ਼ਾਦ ਸੋਪ ਫੈਕਟਰੀ ਤੋਂ ਸਰੋਂ ਦੇ ਤੇਲ ਤੇ ਵੜੀਆਂ ਦੇ 2 ਸੈਂਪਲ ਲਏ। ਉਨਾਂ੍ਹ ਦੱਸਿਆ ਕਿ ਇਨਾਂ੍ਹ ਥਾਵਾਂ ਤੋਂ ਸੈਂਪਲ ਲੈ ਕੇ ਫੂਡ ਟੈਸਟਿੰਗ ਲੈਬਾਰਟਰੀ ਖਰੜ ਨੂੰ ਭੇਜ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਖਾਣ-ਪੀਣ ਵਾਲੇ ਸਾਫ਼-ਸੁਥਰੇ ਅਤੇ ਸ਼ੁੱਧ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਕਿਹਾ ਕਿ ਸਟੇਟ ਫੂਡ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ 'ਚ ਲਗਾਤਾਰ ਚੈਕਿੰਗ ਅਭਿਆਨ ਚਲਾਇਆ ਜਾਵੇਗਾ, ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਸਾਫ਼-ਸੁਥਰੀ ਖਾਣ ਵਾਲੀ ਸਮੱਗਰੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਪਾਏ ਜਾਣ 'ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਨਾਂ੍ਹ ਕਿਹਾ ਕਿ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਜ਼ਿਲ੍ਹੇ ਅੰਦਰ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਅਤੇ ਇਨਾਂ੍ਹ ਪਦਾਰਥਾਂ ਨੂੰ ਤਿਆਰ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕ ਹਿੱਤ ਦੇ ਮੱਦੇਨਜ਼ਰ ਸ਼ੁੱਧ, ਮਿਆਰੀ ਅਤੇ ਕੁਆਲਿਟੀ ਪਦਾਰਥਾਂ ਦੀ ਵਿਕਰੀ ਨੂੰ ਯਕੀਨੀ ਬਣਾਉਣ ਅਤੇ ਕਿਸੇ ਵੀ ਤਰਾਂ੍ਹ ਦੇ ਬੇਹੇ ਜਾਂ ਮਿਲਾਵਟੀ ਪਦਾਰਥਾਂ ਦੀ ਵਿਕਰੀ ਨਾ ਕਰਨ। ਡਾ. ਲਖਵੀਰ ਸਿੰਘ ਨੇ ਕਿਹਾ ਕਿ ਹਰ ਛੋਟੇ ਤੇ ਵੱਡੇ ਫੂਡ ਬਿਜਨੈਸ ਅਪਰੇਟਰ ਐੱਫਬੀਓਜ਼ ਲਈ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਲ ਵਿਚ 12 ਲੱਖ ਰੁਪਏ ਤੋਂ ਘੱਟ ਸੇਲ ਕਰਨ ਵਾਲੇ ਐੱਫ਼ਬੀਓਜ਼ ਲਈ 100 ਰੁਪਏ ਸਾਲਾਨਾ ਰਜਿਸਟ੍ਰੇਸ਼ਨਰ ਜ਼ਰੂਰੀ ਹੈ, ਜਦਕਿ ਸਾਲ ਵਿਚ 12 ਲੱਖ ਰੁਪਏ ਤੋਂ ਵੱਧ ਸੇਲ ਕਰਨ ਵਾਲੇ ਐੱਫਬੀਓਜ਼ ਲਈ 2 ਹਜ਼ਾਰ ਰੁਪਏ ਸਾਲਾਨਾ ਲਾਇਸੈਂਸ ਫੀਸ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ। ਉਨਾਂ੍ਹ ਐੱਫਬੀਓਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨਾਂ੍ਹ ਦੀ ਰਜਿਸਟਰੇਸ਼ਨ ਜਾਂ ਲਾਇਸੈਂਸ ਫੀਸ ਰਿਵਿਊ ਕਰਨ ਵਾਲੀ ਹੈ, ਉਹ ਆਪਣੀ ਫੀਸ ਜਮਾਂ੍ਹ ਕਰਵਾਉਣ ਅਤੇ ਜਿਨਾਂ੍ਹ ਨੇ ਹੁਣ ਤੱਕ ਰਜਿਸਟਰੇਸ਼ਨ ਜਾਂ ਲਾਇਸੈਂਸ ਨਹੀਂ ਲਏ, ਉਹ ਜਲਦ ਇਸ ਪ੍ਰਕਿਰਿਆ ਨੂੰ ਪੂਰਾ ਕਰਨ। ਇਸ ਦੌਰਾਨ ਉਨਾਂ੍ਹ ਦੀ ਟੀਮ ਵਿਚ ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ, ਸਿਹਤ ਸਹਾਇਕ ਰਾਮ ਲੁਭਾਇਆ ਅਤੇ ਪਰਮਜੀਤ ਸਿੰਘ ਵੀ ਸ਼ਾਮਲ ਸਨ।