ਹਰਮਨਜੀਤ ਸਿੰਘ ਸੈਣੀ, ਮੁਕੇਰੀਆਂ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਮਹਿਲ 'ਚੋਂ ਬਾਹਰ ਹੀ ਨਹੀਂ ਆਏ ਜਿਸ ਕਰਕੇ ਉਨ੍ਹਾਂ ਦੀਆਂ ਸਾਰੀਆਂ ਨਾਕਾਮੀਆਂ ਲੁਕਾਉਣ ਲਈ ਕਾਂਗਰਸ ਪਾਰਟੀ ਚਰਨਜੀਤ ਸਿੰਘ ਚੰਨੀ ਨੂੰ ਐਲਾਨ ਮੰਤਰੀ ਵਜੋਂ ਪੰਜਾਬੀਆਂ ਸਾਹਮਣੇ ਪੇਸ਼ ਕਰ ਕੇ ਆਪਣੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀ ਹੈ ਜਿਸ ਦਾ ਸੂਬੇ ਦੀ ਜਨਤਾ ਨੂੰ ਕੋਈ ਲਾਭ ਨਹੀਂ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੋਮਵਾਰ ਨੂੰ ਦੁਸ਼ਹਿਰਾ ਗਰਾਊਂਡ ਮੁਕੇਰੀਆਂ ਵਿਖੇ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਦੀ ਅਗਵਾਈ ਵਿੱਚ ਕਰਵਾਈ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।
ਭਗਵੰਤ ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਪਿਛਲੇ 70 ਸਾਲਾਂ 'ਚ ਇੱਕ-ਦੂਜੇ ਦੀ ਪਿੱਠ ਥਾਪੜਦੇ ਹੋਏ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੀ ਹੈ ਜਦਕਿ ਸੋਨੇ ਦੀ ਚਿੜੀ ਅਖਵਾਉਣ ਵਾਲਾ ਸੂਬਾ ਲਗਾਤਾਰ ਮਾੜੀ ਸਥਿਤੀ ਵੱਲ ਧੱਕਿਆ ਜਾ ਰਿਹਾ ਹੈ। ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਅਜਿਹੇ ਸ਼ਸ਼ੋਪੰਜ ’ਚ ਫਸ ਕੇ ਰਹਿ ਗਈ ਹੈ ਕਿ ਸਰਕਾਰ ਨੂੰ ਕੁੱਝ ਵੀ ਸਮਝ ਨਹੀਂ ਆ ਰਿਹਾ ਕਿ ਕਿਹੜੇ ਅਧਿਕਾਰੀ ਨੂੰ ਕਿਹੜੇ ਅਹੁੱਦੇ ਤੇ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀਆਂ ਦਾ ਆਪਸੀ ਕਲੇਸ਼ ਹੀ ਨਹੀਂ ਸਾਂਭਿਆ ਜਾ ਰਿਹਾ ਤਾਂ ਸੂਬੇ ਦੇ ਲੋਕਾਂ ਦੇ ਮਸਲਿਆਂ ਦੇ ਹੱਲ ਕਿਵੇਂ ਕੀਤੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਸਰਕਾਰ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਰ ਚੜ੍ਹ ਬੋਲ ਰਿਹਾ ਹੈ ਤੇ ਕਾਂਗਰਸ ਦੇ ਆਪਣੇ ਹੀ ਚੁਣੇ ਹੋਏ ਨੁਮਾਇੰਦੇ ਵਿਧਾਨ ਸਭਾ 'ਚ ਆਪਣੀ ਸਰਕਾਰ 'ਤੇ ਹੀ ਉਂਗਲਾਂ ਚੁੱਕ ਰਹੇ ਨੇ। ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸੀਐੱਮ ਚੰਨੀ ਦੇ ਹਲਕੇ 'ਚ ਹੋ ਰਹੀ ਨਾਜਾਇਜ਼ ਮਾਈਨਿੰਗ ਖਿਲਾਫ਼ ਸਿੱਧੂ ਦੀ ਚੁੱਪੀ ਸੈਂਕੜੇ ਸਵਾਲ ਖੜ੍ਹੇ ਕਰਦੀ ਹੈ ਤੇ ਉਨ੍ਹਾਂ ਦੇ ਕਥਿਤ ਸਾਫ਼-ਸੁਥਰੇ ਅਕਸ ਨੂੰ ਵੀ ਧੁੰਦਲਾ ਕਰ ਰਹੀ ਹੈ। ਸੀਐਮ ਚੰਨੀ ਵੱਲੋਂ 'ਆਪ' ਨੂੰ ਈਸਟ ਇੰਡੀਆ ਕੰਪਨੀ ਕਹੇ ਜਾਣ ਬਾਰੇ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਇਸ ਵਕਤ ਬੌਖਲਾਹਟ ਵਿੱਚ ਨੇ ਤੇ ਕੱਲ੍ਹ ਨੂੰ ਹੋ ਸਕਦੈ ਕਿ ਉਹ ਕਹਿ ਦੇਣ ਮੈਂ ਈਸਟ ਇੰਡੀਆ ਕੰਪਨੀ ਦਾ ਪ੍ਰਧਾਨ ਰਿਹਾ ਹਾਂ।
ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਨੂੰ ਬਦਲਿਆ ਹੈ ਤੇ ਜਿਹੜਾ ਵੀ ਮਸਲਾ ਆਮ ਆਦਮੀ ਪਾਰਟੀ ਚੁੱਕਦੀ ਹੈ ਸਾਰੀਆਂ ਰਵਾਇਤੀ ਪਾਰਟੀਆਂ ਉਸੇ ਵੱਲ ਹੋ ਤੁਰਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਹੀ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਦਾ ਬੂਟਾ ਪੰਜਾਬ ਵਿੱਚ ਲਾਇਆ ਅਤੇ ਇਸ ਬੂਟੇ ਨੂੰ ਆਪਣੇ ਖ਼ੂਨ- ਪਸੀਨੇ ਨਾਲ ਸਿੰਜਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਨੂੰ ਰਵਾਇਤੀ ਪਾਰਟੀਆਂ ਤੋਂ ਮੁਕਤੀ ਦਵਾਉਣ ਲਈ 'ਆਪ' ਦੀ ਸਰਕਾਰ ਬਣਾਉਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਪੰਜਾਬ ਨੂੰ ਸਹੀ ਰੂਪ ਵਿਚ ਤਰੱਕੀ ਤੇ ਖੁਸ਼ਹਾਲੀ ਦੇ ਰਾਹ 'ਤੇ ਤੋਰਿਆ ਜਾ ਸਕੇ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਪ੍ਰੋ. ਜੀਐੱਸ ਮੁਲਤਾਨੀ ਨੇ ਕਿਹਾ ਕਿ ਪੰਜਾਬੀਆਂ ਨੂੰ ਕਿਸਾਨ ਸੰਘਰਸ਼ ਤੋਂ ਸਿੱਖਿਆ ਲੈਂਦੇ ਹੋਏ ਇਕਜੁੱਟ ਹੋ ਕੇ ਰਵਾਇਤੀ ਪਾਰਟੀਆਂ ਨੂੰ ਨਕਾਰ ਦੇਣਾ ਚਾਹੀਦਾ ਹੈ ਤਾਂ ਜੋ ਸੂਬੇ ਅੰਦਰ ਸੱਚੇ ਰੂਪ ਵਿੱਚ ਲੋਕਾਂ ਦੀ ਸਰਕਾਰ ਬਣ ਸਕੇ ਜੋ ਲੋਕਾਂ ਲਈ ਕੰਮ ਕਰ ਸਕੇ।
ਇਸ ਮੌਕੇ ਹਰਮਿੰਦਰ ਸਿੰਘ ਬਖਸ਼ੀ, ਮੋਹਨ ਲਾਲ, ਕਮਲਜੀਤ ਕੌਰ, ਗੁਰਵਿੰਦਰ ਸਿੰਘ ਪਾਬਲਾ, ਸੁੱਚਾ ਸਿੰਘ, ਹਰਜੀਤ ਸਿੰਘ ਸਹੋਤਾ, ਅਮਰਜੀਤ ਸਿੰਘ ਸੈਣੀ, ਸੱਤਪਾਲ ਸਿੰਘ, ਵਿਨੋਦ ਕੁਮਾਰ, ਸੁਰੇਸ਼ ਕੁਮਾਰ ਸਮੇਤ ਵੱਡੀ ਗਿਣਤੀ 'ਆਪ' ਵਲੰਟੀਅਰ ਅਤੇ ਵੱਖ-ਵੱਖ ਪਿੰਡਾਂ ਆਏ ਸਮਰਥਕਾਂ ਨੇ ਰੈਲੀ ਵਿੱਚ ਸ਼ਮੂਲੀਅਤ ਕਰ ਕੇ ਸੂਬਾ ਪ੍ਰਧਾਨ ਮਾਨ ਦੇ ਵਿਚਾਰ ਸੁਣੇ।