ਜਗਮੋਹਨ ਸ਼ਰਮਾ, ਤਲਵਾੜਾ : ਤਲਵਾੜਾ ਦੀ ਬੀਬੀਐੱਮਬੀ ਕਲੌਨੀ ਦੇ ਸੈਕਟਰ -2 ਸਥਿਤ ਸਰਕਾਰੀ ਮਾਡਲ ਹਾਈ ਸਕੂਲ ‘ਚ ਇਕ ਸਾਲ 'ਚ ਹੀ ਕਰੀਬ 217 ਵਿਦਿਆਰਥੀ ਸਕੂਲ ਛੱਡ ਗਏ ਹਨ। ਪੰਜਾਬ ਦੇ ਸਰਵੋਤਮ ਸਕੂਲਾਂ ਵਿਚ ਸ਼ਾਮਲ ਸਰਕਾਰੀ ਮਾਡਲ ਸਕੂਲ ‘ਚ ਵਿਦਿਆਰਥੀਆਂ ਦੀ ਗਿਣਤੀ ‘ਚ ਆਈ ਰਿਕਾਰਡ ਕਮੀ ਨੇ ਸਕੂਲ ਪ੍ਰਬੰਧਕਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲ ‘ਚ ਮੁੱਖ ਅਧਿਆਪਕਾ ਤੇ ਸਟਾਫ਼ ਵਿਚ ਆਪਸੀ ਤਾਲਮੇਲ ਦੀ ਘਾਟ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਅਹਿਮ ਕਾਰਨ ਬਣਿਆ ਹੈ। ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-2 ਖ਼ੇਤਰ ‘ਚ ਮਿਆਰੀ ਤੇ ਸਸਤੀ ਸਿੱਖਿਆ ਵਜੋਂ ਜਾਣਿਆ ਜਾਂਦਾ ਹੈ, ਸਕੂਲ ਦਾ ਆਪਣਾ ਇੱਕ ਸ਼ਾਨਾਮੱਤਾ ਇਤਿਹਾਸ ਹੈ। ਸ਼ਹਿਰ ਦੇ ਆਮ ਲੋਕਾਂ ਤੋਂ ਇਲਾਵਾ ਨੇੜਲੇ ਪਿੰਡਾਂ ਅਤੇ ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਦੇ ਬੱਚੇ ਸਕੂਲ ‘ਚ ਪੜ੍ਹਦੇ ਹਨ। ਲੰਮੇ ਅਰਸੇ ਤੋਂ ਸਕੂਲ ਇਲਾਕਾ ਨਿਵਾਸੀਆਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ, ਸਕੂਲ ‘ਚ ਦਾਖ਼ਲਾ ਲੈਣ ਲਈ ਮਾਪਿਆਂ ਨੂੰ ਹਰ ਸਾਲ ਮੁਸ਼ਕੱਤ ਕਰਨੀ ਪੈਂਦੀ ਹੈ। ਪਰ ਇਸ ਸਾਲ ਮਾਪੇ ਆਪਣੇ ਬੱਚੇ ਸਕੂਲ ਤੋਂ ਹਟਾ ਰਹੇ ਹਨ। ਹਾਸਲ ਜਾਣਕਾਰੀ ਅਨੁਸਾਰ ਅਪ੍ਰੈਲ 2021 ‘ਚ ਸਕੂਲ ਵਿੱਚ 1165 ਵਿਦਿਆਰਥੀ ਪੜ੍ਹਦੇ ਸਨ, ਪਰ ਇਸ ਵਰ੍ਹੇ ਮਈ ਮਹੀਨੇ ‘ਚ ਈ ਪੰਜਾਬ ਪੋਰਟਲ ’ਤੇ 948 ਵਿਦਿਆਰਥੀ ਸਕੂਲ ‘ਚ ਦਾਖ਼ਲ ਦਿਖਾਏ ਜਾ ਰਹੇ ਹਨ। ਪਰ ਅਸਲ ਗਿਣਤੀ ਸਕੂਲ ਪ੍ਰਬੰਧਕਾਂ ਵੱਲੋਂ ਦੱਸੀ ਜਾ ਰਹੀ ਗਿਣਤੀ ਤੋਂ ਬਹੁਤ ਘੱਟ ਹੈ।
ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਮੁੱਖ ਅਧਿਆਪਕਾ ਰੀਤਿਕਾ ਠਾਕੁਰ ਨੇ ਸਕੂਲ ‘ਚ ਵੱਡੇ ਪੱਧਰ ‘ਤੇ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਕਾਰਨ ਕੋਵਿਡ-19 ਅਤੇ ਡੀਜ਼ਲ ਕੀਮਤਾਂ ‘ਚ ਹੋਏ ਵਾਧੇ ਕਾਰਨ ਆਟੋ ਆਦਿ ਚਾਲਕਾਂ ਵੱਲੋਂ ਕਿਰਾਏ ‘ਚ ਕੀਤੇ ਵਾਧੇ ਨੂੰ ਦੱਸਿਆ। ਸਕੂਲ ‘ਚ ਅਧਿਆਪਕਾਂ ਦੀ ਆਪਸੀ ਧੜੇਬੰਦੀ ਤੋਂ ਉਨ੍ਹਾਂ ਇਨਕਾਰ ਕੀਤਾ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਸੰਜੀਵ ਗੌਤਮ ਨੇ ਕਿਹਾ ਕਿ ਸਕੂਲ ਬੱਚਿਆਂ ਦੀ ਗਿਣਤੀ ਵਿੱਚ ਆਈ ਰਿਕਾਰਡ ਕਮੀ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਮੰਨਿਆ ਕਿ ਈ ਪੰਜਾਬ ’ਤੇ ਸਕੂਲ ਪ੍ਰਬੰਧਕਾਂ ਵੱਲੋਂ ਜੋ ਅੰਕੜੇ ਦਰਸਾਏ ਜਾ ਰਹੇ ਹਨ, ਅਸਲ ਗਿਣਤੀ ਉਸਤੋਂ ਘੱਟ ਹੈ ਤੇ ਸਕੂਲ ‘ਚ ਮੁੱਖ ਅਧਿਆਪਕਾ ਤੇ ਸਟਾਫ਼ ਵਿੱਚ ਆਪਸੀ ਖਿੱਚੋਤਾਣ ਦੀਆਂ ਉਨ੍ਹਾਂ ਕੋਲ਼ ਵੀ ਰਿਪੋਰਟਾਂ ਪਹੁੰਚੀਆਂ ਹਨ। ਜਿਸਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਟਿਪੱਣੀ ਕਰਨ ਦੀ ਗੱਲ ਕਹੀ ।