ਜਾਗਰਣ ਟੀਮ, ਹੁਸ਼ਿਆਰਪੁਰ : ਇਕ ਕਲਯੁਗੀ ਮਾਮੇ ਵੱਲੋਂ ਆਪਣੀ ਅੱਠ ਸਾਲਾਂ ਦੀ ਭਾਣਜੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜ੍ਹਤ ਬੱਚੀ ਦੀ ਮਾਂ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚਲਦਾ ਹੈ। ਇਸ ਕਾਰਨ ਉਹ ਆਪਣੇ ਪਿਤਾ ਦੀ ਦੁਕਾਨ ਦੇ ਉੱਪਰ ਬਣੇ ਘਰ ਵਿਚ ਰਹਿੰਦੀ ਹੈ। ਉਸ ਦੇ ਪਿਤਾ ਦੇ ਦੂਜੇ ਵਿਆਹ ਦਾ ਲੜਕਾ ਕਮਲਜੀਤ ਸਿੰਘ ਜੋ ਰਿਸ਼ਤੇ ਵਿਚ ਉਸ ਦਾ ਸੋਤੇਲਾ ਭਰਾ ਹੈ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਤੇ 22 ਜਨਵਰੀ ਨੂੰ ਵੀ ਉਸ ਨਾਲ ਕੁੱਟਮਾਰ ਕੀਤੀ ਸੀ। ਜਿਸਦੇ ਚਲਦਿਆਂ ਉਹ ਸਿਵਲ ਹਸਪਤਾਲ ਜੇਰੇ ਇਲਾਜ ਹੈ। ਲੰਘੀ 22 ਜਨਵਰੀ ਦੀ ਰਾਤ ਨੂੰ ਕਮਲਜੀਤ ਸਿੰਘ ਨੇ ਉਸ ਦੀ ਅੱਠ ਸਾਲਾਂ ਦੀ ਧੀ ਨਾਲ ਜਬਰ ਜਨਾਹ ਕੀਤਾ। ਇਹ ਗੱਲ ਉਸ ਦੀ ਧੀ ਨੇ ਹਸਪਤਾਲ ਆ ਕੇ ਦੱਸੀ। ਪੀੜ੍ਹਤਾ ਦੀ ਮਾਂ ਨੇ ਅੱਗੇ ਕਿਹਾ ਕਿ ਇਸ ਸਬੰਧੀ ਜਦੋਂ ਉਸ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਹ ਗੱਲ ਸੁਣਨ ਲਈ ਤਿਆਰ ਨਹੀਂ ਸੀ। ਉਪਰੰਤ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਮੁਲਜ਼ਮ ਖਿਲਾਫ਼ ਪੋਕਸੋ ਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪੁਲਿਸ ਨੇ ਪੀੜ੍ਹਤਾ ਦੀ ਮੈਡੀਕਲ ਜਾਂਚ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਕਰਵਾਈ ਜਿਸ ਵਿਚ ਬੱਚੀ ਨਾਲ ਜਬਰ ਜਨਾਹ ਦੀ ਪੁਸ਼ਟੀ ਹੋਈ। ਮੰਗਲਵਾਰ ਨੂੰ ਥਾਣਾ ਸਿਟੀ ਪੁਲਿਸ ਵੱਲੋਂ ਪੀੜ੍ਹਤਾ ਨੂੰ ਜੇਐੱਮਆਈਸੀ ਸਿਮਰਨਜੀਤ ਸਿੰਘ ਸੋਹੀ ਦੀ ਅਦਾਲਤ ਵਿਚ ਪੇਸ਼ ਕਰਕੇ ਜਬਰ ਜਨਾਹ ਦੇ ਦੋਸ਼ੀ ਖਿਲਾਫ਼ ਬਿਆਨ ਦਰਜ ਕਰਵਾ ਦਿੱਤੇ ਸਨ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।