ਸੁਰਿੰਦਰ ਢਿੱਲੋਂ, ਟਾਂਡਾ ਉੜਮੁੜ : ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ 'ਤੇ ਬਿਆਸ ਦਰਿਆ ਪੁਲ ਨੇੜੇ ਭਿਆਨਕ ਸੜਕ ਹਾਦਸੇ ਵਿਚ ਕਾਰ ਸਵਾਰ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਮਿ੍ਤਕਾਂ ਦੀ ਪਛਾਣ ਅਜੀਤ ਸਿੰਘ ਤੇ ਪਰਮਜੀਤ ਕੌਰ ਵਾਸੀ ਦਸੂਹਾ ਵਜੋਂ ਹੋਈ। ਇਹ ਹਾਦਸਾ ਐਤਵਾਰ ਦੁਪਹਿਰ ਕਰੀਬ 1.20 ਵਜੇ ਉਸ ਸਮੇਂ ਵਾਪਰਿਆ ਜਦੋਂ ਐਡਵੋਕੇਟ ਸਤਨਾਮ ਸਿੰਘ ਵਾਸੀ ਮਿਆਣੀ ਰੋਡ ਦਸੂਹਾ ਆਪਣੇ ਪਿਤਾ ਅਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਨਾਲ ਅੰਮਿ੍ਤਸਰੋਂ ਦਵਾਈ ਲੈ ਕੇ ਕਾਰ ਪੀਬੀ10ਬੀਕਿਊ 5511 'ਚ ਵਾਪਸ ਆ ਰਹੇ ਸਨ।
ਜਦੋਂ ਉਹ ਪਿੰਡ ਰਾੜਾ ਨੇੜੇ ਬਿਆਸ ਦਰਿਆ ਦੇ ਪੁਲ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੰਬਰ ਪੀਬੀ02ਬੀਈ9987 ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿਚ ਵਕੀਲ ਦੇ ਪਿਤਾ ਅਜੀਤ ਸਿੰਘ ਤੇ ਮਾਤਾ ਪਰਮਜੀਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖਮੀ ਵਕੀਲ ਸਤਨਾਮ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ ਦੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਤੋਂ ਬਾਅਦ ਦਸੂਹਾ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਬਾਅਦ ਵਿਚ ਦਸੂਹਾ ਤੋਂ ਅੱਗੇ ਰੈਫਰ ਕਰ ਦਿੱਤਾ ਗਿਆ।
ਅਜੀਤ ਸਿੰਘ ਪੇਸ਼ੇ ਤੋਂ ਦਸੂਹਾ ਤਹਿਸੀਲ 'ਚ ਅਰਜ਼ੀ ਨਵੀਸ ਵਜੋਂ ਕੰਮ ਕਰਦੇ ਸਨ। ਟਾਂਡਾ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।