ਸੁਖਦੇਵ ਸਿੰਘ, ਬਟਾਲਾ
ਬਟਾਲਾ ਦੇ ਉਮਰਪੁਰਾ ਵਾਰਡ ਨੰਬਰ 22 ਦੇ ਕੌਂਸਲਰ ਨਰਪਿੰਦਰ ਸਿੰਘ ਰਿੰਕੂ ਬਾਜਵਾ ਦੀ ਅਗਵਾਈ 'ਚ ਮੁਹੱਲਾ ਵਾਸੀਆਂ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਵਿੱਚੋਂ ਰੋਕ ਦੇਣ ਦੇ ਖ਼ਿਲਾਫ਼ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ । ਮੰਗ ਪੱਤਰ ਦੇਣ ਸਵੈ ਕੌਂਸਲਰ ਨਰਪਿੰਦਰ ਸਿੰਘ ਰਿੰਕੂ ਬਾਜਵਾ, ਰੁਪਿੰਦਰ ਕੌਰ, ਮਧੂਮੀਤ, ਮਨਜੀਤ ਸਿੰਘ, ਸੋਨੂੰ ਸ਼ੇਰਗਿੱਲ ਆਦਿ ਨੇ ਦੱਸਿਆ ਕਿ ਵਾਰਡ ਨੰਬਰ 22 ਚ 15-20 ਗਲੀਆਂ ਦੇ ਟੈਂਡਰ ਪਾਸ ਹੋਇਆਂ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਇਕ ਦੋ ਥਾਵਾਂ 'ਤੇ ਕੰਮ ਵੀ ਸ਼ੁਰੂ ਹੋਏ ਸਨ, ਪਰ ਨਗਰ ਨਿਗਮ ਦੇ ਮੇਅਰ ਵੱਲੋਂ ਆਪਣੇ ਆਪਣੇ ਕਰੀਬੀਆਂ ਦੇ ਕੰਮ ਸ਼ੁਰੂ ਕਰ ਦਿੱਤੇ ਹਨ । ਉਹਨਾਂ ਕਿਹਾ ਕਿ ਸਾਡੇ ਨਾਲ ਇਕ ਸਾਲ ਤੋਂ ਵਿਤਕਰਾ ਕੀਤਾ ਜਾ ਰਿਹਾ ਹੈ । ਕੌਂਸਲਰ ਰਿੰਕੂ ਬਾਜਵਾ ਨੇ ਕਿਹਾ ਕਿ ਰੁਕੇ ਵਿਕਾਸ ਕਾਰਜਾਂ ਨੂੰ ਲੈ ਕੇ ਉਹ ਕਈ ਵਾਰ ਨਗਰ ਨਿਗਮ ਦੇ ਮੇਅਰ ਨੂੰ ਮਿਲ ਚੁੱਕੇ ਹਨ, ਪਰ ਹਰ ਵਾਰ ਟਾਲਾ ਵੱਟੀ ਹੀ ਹੋ ਜਾਂਦੀ ਹੈ ।ਉਨਾਂ੍ਹ ਕਿਹਾ ਕਿ ਬਰਸਾਤਾਂ ਹੋਣ ਕਰਕੇ ਗਲੀਆਂ ਨਾਲੀਆਂ ਦਾ ਬੁਰਾ ਹਾਲ ਹੈ ਅਤੇ ਲੋਕਾਂ ਦਾ ਲੰਘਣਾ ਅੌਖਾ ਹੋਇਆ ਪਿਆ ਹੈ ਪਰ ਨਗਰ ਨਿਗਮ ਦਾ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਹੈ । ਉਨਾਂ੍ਹ ਕਿਹਾ ਕਿ ਇਹ ਨਗਰ ਹੁਣ ਨਿਗਮ ਦੇ ਅਧਿਕਾਰੀਆਂ ਵੱਲੋਂ ਸਾਡੀ ਵਾਰਡ ਨਾਲ ਮਤਰੇਈ ਮਾਂ ਵਾਲਾ ਵਿਤਕਰਾ ਕੀਤਾ ਜਾ ਰਿਹਾ ਹੈ । ਕੌਂਸਲਰ ਰਿੰਕੂ ਬਾਜਵਾ ਨੇ ਕਿਹਾ ਕਿ ਜੇਕਰ ਸਾਡੀ ਵਾਰਡ ਦੀ ਸਮੱਸਿਆ ਦਾ ਹੱਲ 14 ਜਨਵਰੀ ਤੱਕ ਨਾ ਕੀਤਾ ਤਾਂ ਮਜਬੂਰਨ ਉਮਰਪੁਰਾ ਚੌਂਕ ਜਾਮ ਕਰ ਕੇ ਰੋਸ ਪ੍ਰਦਰਸ਼ਨ ਕਰਾਂਗੇ ਅਤੇ ਨਗਰ ਨਿਗਮ ਦੇ ਮੇਅਰ ਤੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਜਾਵੇਗਾ ।
ਟੈਂਡਰ ਹੋ ਚੁੱਕੇ ਹਨ, ਚੋਣਾਂ ਤੋਂ ਬਾਅਦ ਸ਼ੁਰੂ ਹੋਵੇਗਾ ਕੰਮ : ਮੇਅਰ
ਉਮਰਪੁਰਾ ਵਾਸੀਆਂ ਦੇ ਮਸਲੇ ਦੇ ਸਬੰਧ 'ਚ ਜਦ ਨਗਰ ਨਿਗਮ ਬਟਾਲਾ ਦੇ ਚੇਅਰਮੈਨ ਸੁਖਦੀਪ ਸਿੰਘ ਤੇਜਾ ਨਾਲ ਗੱਲ ਕੀਤੀ ਤਾਂ ਉਨਾਂ੍ਹ ਨੇ ਕਿਹਾ ਕਿ ਵਾਰਡ ਨੰ. 22 ਗਲੀਆਂ ਨਾਲੀਆਂ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਚੋਣ ਜ਼ਾਬਤਾ ਲਾਗੂ ਹੋ ਜਾਣ ਕਾਰਨ ਕੰਮ ਰੋਕ ਦਿੱਤਾ ਗਿਆ ਹੈ । ਉਨਾਂ੍ਹ ਕਿਹਾ ਕਿ ਸੀਵਰੇਜ ਪੈਣ ਕਾਰਨ ਕੰਮ ਚ ਥੋੜ੍ਹੀ ਦੇਰੀ ਹੋਈ ਹੈ, ਪਰ ਜਿਉਂ ਹੀ ਚੋਣਾਂ ਖਤਮ ਹੁੰਦੇ ਹਨ ਤਿਉਂ ਹੀ ਉਨਾਂ੍ਹ ਦਾ ਕੰਮ ਸ਼ੁਰੂ ਹੋ ਜਾਵੇਗਾ ।