ਆਕਾਸ਼, ਗੁਰਦਾਸਪੁਰ : ਜੰਗਲਾਤ ਵਿਭਾਗ ਦੇ ਅਧਿਕਾਰੀ ਦੀ ਸ਼ਿਕਾਇਤ 'ਤੇ ਥਾਣਾ ਸਦਰ ਦੀ ਪੁਲਿਸ ਨੇ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਬਾਈਪਾਸ 'ਤੇ ਸਥਿਤ ਜਲਵਾ ਢਾਬੇ ਨੂੰ ਢਾਹੁਣ 'ਚ ਵਿਘਨ ਪਾਉਣ ਵਾਲੇ ਢਾਬਾ ਮਾਲਕ ਗੁਰਜੀਤ ਅਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਵਿਭਾਗੀ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ ਪੁਲਿਸ ਨਾਲ ਕਾਨੂੰਨ ਤਹਿਤ ਕਾਰਵਾਈ ਕਰਦੇ ਹੋਏ ਢਾਬੇ ਨੂੰ ਢਾਹੁਣ ਗਏ ਸਨ। ਜਦੋਂਕਿ ਉਕਤ ਢਾਬਾ ਚਾਲਕ ਨੇ ਕੁਝ ਲੋਕਾਂ ਨੂੰ ਆਪਣੇ ਹੱਕ 'ਚ ਬੁਲਾ ਕੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ। ਜਦਕਿ ਮੌਜੂਦਾ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਅਤੇ ਸਿਵਲ ਅਧਿਕਾਰੀਆਂ ਨਾਲ ਵੀ ਉਸ ਨੇ ਦੁਰ ਵਿਵਹਾਰ ਕੀਤਾ ਹੈ | ਜਿਸ ਕਾਰਨ ਗੈਰ ਕਾਨੂੰਨੀ ਢੰਗ ਨਾਲ ਬੈਠੇ ਢਾਬੇ ਦੇ ਮਾਲਕ ਖਿਲਾਫ ਭਾਰਤੀ ਜੰਗਲਾਤ ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਦੋ ਨੇਤਾ ਆਹਮੋ-ਸਾਹਮਣੇ
ਗੁਰਦਾਸਪੁਰ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਜਲਵਾ ਢਾਬੇ ਦੇ ਮਾਲਕ ਗੁਰਜੀਤ ਦੇ ਹੱਕ ਵਿਚ ਸਟੈਂਡ ਲਿਆ ਹੈ। ਸ਼ਨੀਵਾਰ ਨੂੰ ਪੁੱਜੀ ਜੰਗਲਾਤ ਵਿਭਾਗ ਦੀ ਟੀਮ ਨੂੰ ਵਿਧਾਇਕ ਨੂੰ ਢਾਬੇ 'ਤੇ ਬੈਠਾ ਦੇਖ ਕੇ ਵਾਪਸ ਜਾਣਾ ਪਿਆ। ਜਦਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਦਾ ਕਹਿਣਾ ਹੈ ਕਿ ਵਿਧਾਇਕ ਗਲਤ ਲੋਕਾਂ ਪਿੱਛੇ ਆਪਣਾ ਪੱਖ ਰੱਖ ਰਹੇ ਹਨ। ਜਦੋਂਕਿ ਉਸ ਜਗ੍ਹਾ 'ਤੇ ਨਾਜਾਇਜ਼ ਸ਼ਰਾਬ, ਨਜਾਇਜ਼ ਢਾਬਾ ਨਿਰਮਾਣ, ਨਾਜਾਇਜ਼ ਬਿਜਲੀ ਕੁਨੈਕਸ਼ਨ ਲਗਾਏ ਗਏ ਹਨ |