ਆਕਾਸ਼, ਗੁਰਦਾਸਪੁਰ : ਸੀਆਈਏ ਸਟਾਫ਼ ਨੇ ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਦੋ ਦਰਜਨ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਖਤਰਨਾਕ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਪੁਲਿਸ ਇਸ ਮਾਮਲੇ 'ਚ ਜ਼ਿਆਦਾ ਜਾਣਕਾਰੀ ਨਹੀਂ ਦੇ ਰਹੀ ਹੈ ਪਰ ਐੱਸਐੱਸਪੀ ਦੀਪਕ ਹਿਲੋਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਜੋਬਨ ਮਸੀਹ ਵਾਸੀ ਗੋਹਤ ਪੋਖਰ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਜੋਬਨ ਮਸੀਹ ਦਾ ਅੱਤਵਾਦੀ ਸਰਗਰਮੀਆਂ ਵਿੱਚ ਸ਼ਾਮਿਲ ਪੁੱਤਰ ਆਸ਼ੀਸ਼ ਮਸੀਹ ਕੁਝ ਮਹੀਨੇ ਪਹਿਲਾਂ ਮੈਂਟਲ ਹਸਪਤਾਲ ਅੰਮ੍ਰਿਤਸਰ ਤੋਂ ਫ਼ਰਾਰ ਹੋ ਗਿਆ ਸੀ। ਉਹ ਇਸ ਤੋਂ ਪਹਿਲਾਂ ਵੀ ਵੱਖ-ਵੱਖ ਕੇਸਾਂ ਵਿੱਚ ਗੁਰਦਾਸਪੁਰ ਕੇਂਦਰੀ ਜੇਲ੍ਹ ਵਿੱਚ ਬੰਦ ਸੀ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਹ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ ।
ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਤਿੱਬੜ ਥਾਣੇ ਦੀ ਪੁਲਿਸ ਪਾਰਟੀ ਫਰਾਰ ਅੱਤਵਾਦੀ ਦੀ ਭਾਲ 'ਚ ਦੋ ਮਹੀਨੇ ਪਹਿਲਾਂ ਪਿੰਡ ਗੋਹਤ ਪੋਖਰ ਪਹੁੰਚੀ ਤਾਂ ਇਸ ਦੌਰਾਨ ਦੋਸ਼ੀ ਦੇ ਪਿਤਾ ਜੋਬਨ ਮਸੀਹ, ਮਾਂ ਵੀਨਸ, ਭੈਣ ਮਹਿਕ ਅਤੇ ਚਾਹਤ ਵਾਸੀ ਗੁਰਦਾਸਪੁਰ ਨੇ ਏ ਐੱਸ ਆਈ ਤੇ ਗੱਡੀ ਚਾੜ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ।
ਇਸ ਤੋਂ ਬਾਅਦ ਜੋਬਨ ਮਸੀਹ ਸਮੇਤ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ। ਪੁਲਿਸ ਉਹਨਾਂ ਦੀ ਲਗਾਤਾਰ ਭਾਲ ਕਰ ਰਹੀ ਸੀ ਅਖੀਰ ਜੋਬਨ ਮਸੀਹ ਨੂੰ ਦਿੱਲੀ ਤੋਂ ਕਾਬੂ ਕੀਤਾ ਗਿਆ।