ਆਕਾਸ਼, ਗੁਰਦਾਸਪੁਰ : ਗੁਰਦਾਸਪੁਰ ਪੁਲਿਸ ਨੇ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਦੇ ਮੈਂਟਲ ਹਸਪਤਾਲ ਤੋਂ ਫ਼ਰਾਰ ਹੋਏ ਅੱਤਵਾਦੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ 32 ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।
ਦੱਸਣਯੋਗ ਹੈ ਕਿ ਮੁਲਜ਼ਮ ਅਸ਼ੀਸ਼ ਮਸੀਹ ਪੁੱਤਰ ਜੋਬਨ ਮਸੀਹ ਵਾਸੀ ਪਿੰਡ ਗੋਹਤ ਪੋਖਰ (ਗੁਰਦਾਸਪੁਰ) ਦੇ ਵਿਰੁੱਧ 20 ਜਨਵਰੀ ਨੂੰ ਦੀਨਾਨਗਰ ਤੋਂ ਦੋ ਅੰਡਰ-ਬੈਰਲ ਗ੍ਰਨੇਡ, ਇਕ ਅੰਡਰ-ਬੈਰਲ ਗ੍ਰਨੇਡ ਲਾਂਚਰ, 9 ਇਲੈਕਟ੍ਰਾਨਿਕ ਡੈਟੋਨੇਟਰ, ਦੋ ਟਾਈਮਰ ਸੈੱਟ ਤੇ ਤਿੰਨ ਕਿਲੋ 700 ਗ੍ਰਾਮ ਆਰਡੀਐਕਸ ਬਰਾਮਦ ਕਰ ਕੇ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਗੁਰਦਾਸਪੁਰ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ। 29 ਅਗਸਤ ਨੂੰ ਅਸ਼ੀਸ਼ ਨੂੰ ਮੈਂਟਲ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਸੀ, ਜਿੱਥੋਂ ਉਹ 3 ਸਤੰਬਰ ਨੂੰ ਪੁਲਿਸ ਗਾਰਡ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗੁਰਦਾਸਪੁਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। 30 ਨਵੰਬਰ ਨੂੰ ਸੀਆਈਏ ਸਟਾਫ ਤੇ ਥਾਣਾ ਸਿਟੀ ਪੁਲਿਸ ਨੇ ਪਿੰਡ ਮਾਨ ਕੌਰ ਸਿੰਘ ਬਾਈਪਾਸ ’ਤੇ ਸਥਿਤ ਪੈਲੇਸ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਅਸ਼ੀਸ਼ ਬਿਨਾਂ ਨੰਬਰੀ ਸਕੂਟਰੀ ਚਲਾ ਕੇ ਆ ਰਿਹਾ ਸੀ ਤਾਂ ਪੁਲਿਸ ਨੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਤਲਾਸ਼ੀ ਦੌਰਾਨ 32 ਬੋਰ ਦਾ ਪਿਸਤੌਲ ਤੇ 5 ਕਾਰਤੂਸ ਬਰਾਮਦ ਹੋਏ। ਕਾਬਿਲੇ ਜ਼ਿਕਰ ਹੈ ਕਿ ਮੁਲਜ਼ਮ ਦੇ ਪਿਤਾ ਜੋਬਨ ਮਸੀਹ ਨੂੰ 28 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।