ਸ਼ਾਮ ਸਿੰਘ ਘੁੰਮਣ, ਦੀਨਾਨਗਰ : ਨਗਰ ਕੌਂਸਲ ਦੀਨਾਨਗਰ ਅੰਦਰ ਸਟਰੀਟ ਲਾਈਟਾਂ ਦੇ ਜਾਅਲੀ ਬਿੱਲਾਂ ਦੇ ਆਧਾਰ 'ਤੇ ਅਗਸਤ 2022 ਵਿੱਚ ਕੀਤੇ ਗਏ 1.97 ਲੱਖ ਰੁਪਏ ਦੇ ਬੋਗਸ ਭੁਗਤਾਨ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਦੀਨਾਨਗਰ ਦੇ ਤਤਕਾਲੀ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਇਸ ਵੇਲੇ ਨਗਰ ਕੌਂਸਲ ਗੁਰਦਾਸਪੁਰ ਵਿਖੇ ਬਤੌਰ ਕਾਰਜ ਸਾਧਕ ਅਫਸਰ ਤੈਨਾਤ ਸਨ।
ਬੋਗਸ ਭੁਗਤਾਨ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਉਸ ਖ਼ਿਲਾਫ਼ ਬੀਤੀ 30 ਸਤੰਬਰ ਨੂੰ ਨਗਰ ਕੌਂਸਲ ਦੀਨਾਨਗਰ ਦੇ ਹਾਊਸ ਦੀ ਹੋਈ ਮੀਟਿੰਗ ਵਿੱਚ ਵਿਜੀਲੈਂਸ ਜਾਂਚ ਲਈ ਮਤਾ ਪਾਸ ਕੀਤਾ ਗਿਆ ਸੀ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਨੂੰ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਲਈ ਲਿਖਿਆ ਗਿਆ ਸੀ। ਜਿਸ ਮਗਰੋਂ ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਜਾਂਚ ਕਰਦਿਆਂ ਅੱਜ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਦੇ ਖ਼ਿਲਾਫ਼ ਐੱਫਆਈਆਰ ਨੰਬਰ 25 ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਜੇ ਹੋਰ ਵੀ ਨਾਂ ਸਾਹਮਣੇ ਆ ਸਕਦੇ ਹਨ।
ਕੀ ਹੈ ਮਾਮਲਾ
ਦੱਸਣਯੋਗ ਹੈ ਕਿ 6 ਜੁਲਾਈ 2022 ਨੂੰ ਅਸ਼ੋਕ ਕੁਮਾਰ ਵੱਲੋਂ ਬਤੌਰ ਈਓ ਨਗਰ ਕੌਂਸਲ ਦੀਨਾਨਗਰ ਦਾ ਕਾਰਜਭਾਰ ਸੰਭਾਲਿਆ ਗਿਆ ਸੀ ਅਤੇ 17 ਸਤੰਬਰ ਨੂੰ ਉਹਨਾਂ ਦਾ ਤਬਾਦਲਾ ਹੋ ਜਾਣ ਮਗਰੋਂ ਜਤਿੰਦਰ ਮਹਾਜਨ ਨੇ ਨਗਰ ਕੌਂਸਲ ਦੀਨਾਨਗਰ ਦਾ ਬਤੌਰ ਈਓ ਚਾਰਜ ਸੰਭਾਲ ਲਿਆ। ਇਸੇ ਦੌਰਾਨ ਹੀ ਮਾਮਲਾ ਸਾਹਮਣੇ ਆਇਆ ਕਿ ਮਈ 2022 ਦਾ ਸਟਰੀਟ ਲਾਈਟਾਂ ਦਾ ਇਕ ਫ਼ਰਜ਼ੀ ਬਿੱਲ ਤਿਆਰ ਕਰ ਕੇ ਈਓ ਅਸ਼ੋਕ ਕੁਮਾਰ ਅਤੇ ਨਗਰ ਕੌਂਸਲ ਦੀਨਾਨਗਰ ਦਾ ਇਕ ਕਲਰਕ ਜੋ ਕਿ ਇਸ ਸਮੇਂ ਸਸਪੈਂਡ ਚੱਲ ਰਿਹਾ ਹੈ, ਨੇ ਆਪਸ ਵਿੱਚ ਮਿਲੀਭੁਗਤ ਕਰ ਕੇ ਅਗਸਤ 2022 ਵਿੱਚ ਇਕ ਫਰਮ ਦੇ ਨਾਂ ਉੱਤੇ 1.97 ਲੱਖ ਰੁਪਏ ਦਾ ਬੋਗਸ ਭੁਗਤਾਨ ਕਰਵਾ ਦਿੱਤਾ ਸੀ। ਜਦੋਂਕਿ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਸਟਰੀਟ ਲਾਈਟਾਂ ਦੀ ਕੋਈ ਖਰੀਦ ਹੀ ਨਹੀਂ ਹੋਈ ਸੀ।