ਸਟਾਫ ਰਿਪੋਰਟਰ, ਗੁਰਦਾਸਪੁਰ : ਜਿਵੇਂ-ਜਿਵੇਂ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸਿਆਸੀ ਗਰਮਾ-ਗਰਮੀ ਵੱਧ ਰਹੀ ਹੈ। ਅੱਜ ਹਲਕਾ ਗੁਰਦਾਸਪੁਰ ਦੇ ਪਿੰਡ ਤਲਵੰਡੀ ਵਿਰਕ ਦੇ ਧਾਰਮਿਕ ਸਥਾਨ 'ਤੇ ਕਾਂਗਰਸ ਵਰਕਰਾਂ ਨੇ ਮੀਟਿੰਗ ਕਰਕੇ ਪਾਰਟੀ ਹਾਈਕਮਾਂਡ ਨੂੰ ਸਿੱਧੇ ਤੌਰ 'ਤੇ ਚੇਤਾਵਨੀ ਦਿੱਤੀ, ਕਿ ਜੇਕਰ ਪੀਪਲਜ਼ ਪਾਰਟੀ ਤੋਂ ਕਾਂਗਰਸ 'ਚ ਰਲੇਵੇਂ ਵਾਲੇ ਆਗੂਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਾ ਦਿੱਤਾ ਗਿਆ ਤਾਂ 2022 ਦੀਆਂ ਚੋਣਾਂ 'ਚ ਉਹ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਹੋਣਗੇ। ਵਰਕਰਾਂ ਨਾਲ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਹਰਦਿਆਲ ਸਿੰਘ ਗਜ਼ਨੀਪੁਰ ਨੇ ਦੱਸਿਆ ਕਿ ਜਿਹੜੇ ਵਰਕਰ ਪੀਪਲਜ਼ ਪਾਰਟੀ ਤੋਂ ਕਾਂਗਰਸ ਪਾਰਟੀ ਵਿਚ ਰਲੇ ਹੋਏ ਹਨ, ਉਨ੍ਹਾਂ ਨੂੰ ਲਗਾਤਾਰ ਅਣਗੌਲਿਆ ਜਾ ਰਿਹਾ ਹੈ। ਇਨ੍ਹਾਂ ਦੀ ਕਾਂਗਰਸ ਪਾਰਟੀ 'ਚ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਵੱਲੋਂ ਹਲਕਾ ਗੁਰਦਾਸਪੁਰ ਨੂੰ ਤਿੰਨ ਜ਼ੋਨਾਂ 'ਚ ਵੰਡ ਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਵਰਕਰਜ਼ ਪੀਪਲਜ਼ ਪਾਰਟੀ 'ਚੋਂ ਕਾਂਗਰਸ 'ਚ ਰਲੇਵਾਂ ਕਰਨ ਵਾਲਿਆਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ 'ਚ ਜੇਕਰ ਉਨ੍ਹਾਂ ਦੀ ਕਾਂਗਰਸ ਪਾਰਟੀ 'ਚ ਕੋਈ ਸੁਣਵਾਈ ਨਾ ਹੋਈ ਤਾਂ ਉਹ ਵੱਡਾ ਫੈਸਲਾ ਲੈਣ ਵਾਸਤੇ ਮਜਬੂਰ ਹੋਣਗੇ।