ਪੰਜਾਬੀ ਜਾਗਰਣ ਟੀਮ, ਲੁਧਿਆਣਾ/ਗੁਰਦਾਸਪੁਰ : ਕਰਨਾਲ ਦੇ ਬੱਤਰਾ ਟੋਲ ਪਲਾਜ਼ਾ ਮਧੂਬਨ ਤੋਂ 5 ਮਈ ਨੂੰ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ ਹਥਿਆਰ ਬਰਾਮਦ ਹੋਣ ਦੇ ਮਾਮਲੇ ਦੀ ਜਾਂਚ ’ਚ ਜੁਟੀ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਟੀਮ ਨੇ ਬੁੱਧਵਾਰ ਦੇਰ ਰਾਤ ਪਿੰਡ ਲੁਧਿਆਣਾ ਦੇ ਭੱਟੀਆਂ ਵਿਖੇ ਛਾਪੇਮਾਰੀ ਕੀਤੀ। ਟੀਮ ਨੇ ਇੱਥੇ ਭੁਪਿੰਦਰ ਸਿੰਘ ਦੇ ਘਰ ਦੀ ਜਾਂਚ ਕੀਤੀ ਅਤੇ ਕੁਝ ਦਸਤਾਵੇਜ਼ ਵੀ ਆਪਣੇ ਨਾਲ ਲੈ ਗਈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਇਸ ਤੋਂ ਇਲਾਵਾ ਟੀਮ ਨੇ ਮੁੱਲਾਂਪੁਰ ਦਾਖਾ ਵਿਖੇ ਵੀ ਇਕ ਜਗ੍ਹਾ ਜਾਂਚ ਕੀਤੀ ਹੈ। ਟੀਮ ਨੇ ਵੀਰਵਾਰ ਨੂੰ ਵੀ ਲੁਧਿਆਣਾ ਵਿਚ ਹੋਣ ਤੇ ਜਾਂਚ ਕਰਨ ਦੀ ਗੱਲ ਸਾਹਮਣੇ ਆਈ ਹੈ ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਬਾਰੇ ਦੱਸਣ ਨੂੰ ਤਿਆਰ ਨਹੀਂ ਹੈ।
ਪੁਲਿਸ ਨੇ 5 ਮਈ ਨੂੰ ਹਰਿਆਣਾ ਦੇ ਕਰਨਾਲ ਦੇ ਹਾਈਵੇ ਤੋਂ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਦੇ ਖਾਲਿਸਤਾਨੀ ਅੱਤਵਾਦੀਆਂ ਨਾਲ ਸਬੰਧ ਦੱਸੇ ਜਾਂਦੇ ਹਨ। ਇਨ੍ਹਾਂ ਵਿਚ ਲੁਧਿਆਣਾ ਦੇ ਪਿੰਡ ਭੱਟੀਆਂ ਦਾ ਵਸਨੀਕ ਭੁਪਿੰਦਰ ਸਿੰਘ ਸੈਣੀ ਵੀ ਸ਼ਾਮਲ ਸੀ। ਉਹ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਲਈ ਘਰੋਂ ਨਿਕਲਿਆ ਸੀ ਅਤੇ ਕਰਨਾਲ ਵਿਚ ਆਈਈਡੀ ਅਤੇ ਵਿਸਫੋਟਕਾਂ ਸਮੇਤ ਫਡ਼ਿਆ ਗਿਆ। ਗ੍ਰਿਫਤਾਰ ਕੀਤੇ ਗਏ ਚਾਰ ਅੱਤਵਾਦੀਆਂ ਵਿੱਚੋਂ ਤਿੰਨ ਫਿਰੋਜ਼ਪੁਰ ਅਤੇ ਇਕ ਲੁਧਿਆਣੇ ਦਾ ਸੀ। ਐੱਨਆਈਏ ਵੱਲੋਂ ਡੇਢ ਮਹੀਨੇ ਬਾਅਦ ਉਸ ਦੇ ਘਰ ’ਤੇ ਛਾਪੇਮਾਰੀ ਅਤੇ ਜਾਂਚ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਐੱਨਆਈਏ ਉਸ ਦੇ ਲਿੰਕ ਪੰਜਾਬ ਵਿਚ ਪਹਿਲਾਂ ਮਿਲੇ ਟਿਫਿਨ ਬੰਬਾਂ ਅਤੇ ਹਥਿਆਰਾਂ ਨਾਲ ਹੋਣ ਵਾਲੇ ਸਬੰਧਾਂ ਦੀ ਜਾਂਚ ਕਰ ਰਹੀ ਹੈ।
ਦੂਜੇ ਪਾਸੇ ਐੱਨਆਈਏ ਦੀ ਟੀਮ ਨੇ ਬੁੱਧਵਾਰ ਰਾਤ ਗੁਰਦਾਸਪੁਰ ਦੇ ਪਿੰਡ ਪੀਰਾਂ ਬਾਗ ਵਿਚ ਗੁਰਵਿੰਦਰ ਸਿੰਘ ਰਾਜਾ ਦੇ ਘਰ ਅਤੇ ਕਾਦੀਆਂ ਦੇ ਪਿੰਡ ਨਾਥਪੁਰ ਦੀ ਜੇਲ੍ਹ ਵਿਚ ਬੰਦ ਰਾਜਬੀਰ ਸਿੰਘ ਦੇ ਘਰ ਦੀ ਤਲਾਸ਼ੀ ਲਈ। ਟੀਮ ਨੇ ਪੁਲਿਸ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਬੰਦ ਘਰ ਦੇ ਤਾਲੇ ਤੋਡ਼ ਕੇ ਤਲਾਸ਼ੀ ਲਈ। ਹਾਲਾਂਕਿ ਉਥੋਂ ਕੋਈ ਵੀ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ। ਰਾਜਬੀਰ ਸਿੰਘ ਦਾ ਨਾਂ ਆਈਈਡੀ ਅਤੇ ਹਥਿਆਰ ਬਰਾਮਦਗੀ ਦੇ ਮਾਮਲੇ ਵਿਚ ਸਾਹਮਣੇ ਆਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਗੁਰਵਿੰਦਰ ਸਿੰਘ ਰਾਜਾ ਦੇ ਘਰ ਉਸ ਦੀ ਮਾਂ ਤੋਂ ਪੁੱਛਗਿੱਛ ਕੀਤੀ। ਸੂਤਰਾਂ ਮੁਤਾਬਕ ਐੱਨਆਈਏ ਦੀ ਟੀਮ ਰਾਜਾ ਦੇ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਡੀਵੀਆਰ ਵੀ ਆਪਣੇ ਨਾਲ ਲੈ ਗਈ ਹੈ।